ਲੁਧਿਆਣਾ ਦੇ ਥ੍ਰੀਕੇ ਰੋਡ 'ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਸੜਕ ਕਿਨਾਰੇ ਅੱਗ ਸੇਕ ਰਹੇ ਲੋਕਾਂ ਨੂੰ ਕੁਚਲ ਦਿੱਤਾ। ਕਾਰ ਲੋਕਾਂ 'ਤੇ ਚੜ੍ਹ ਗਈ ਅਤੇ ਸਾਹਮਣੇ ਕੰਧ ਨਾਲ ਵਿਚ ਜਾ ਵੱਜੀ। ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਚਾਰ ਲੋਕ ਗੰਭੀਰ ਜ਼ਖਮੀ ਹਨ।
ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਮੁਹੰਮਦ ਮੁਸਲਿਮ (70) ਵਜੋਂ ਹੋਈ ਹੈ। ਮੌਕੇ 'ਤੇ ਐਂਬੂਲੈਂਸ ਨਾ ਪਹੁੰਚਣ ਕਾਰਨ ਲੋਕਾਂ ਨੇ ਰੋਸ ਪ੍ਰਦਰਸ਼ਨ ਵੀ ਕੀਤਾ।
ਹਾਦਸੇ ਤੋਂ ਬਾਅਦ ਮੌਕੇ 'ਤੇ ਲੋਕ ਇਕੱਠੇ ਹੋ ਗਏ। ਉਦੋਂ ਤੱਕ ਕਾਰ ਵਿੱਚ ਬੈਠੇ ਵਿਅਕਤੀ ਫ਼ਰਾਰ ਹੋ ਚੁੱਕੇ ਸਨ। ਮੌਕੇ 'ਤੇ ਪਹੁੰਚੀ ਇੰਦੂ ਅਨੁਸਾਰ ਉਸ ਦਾ ਪਤੀ ਲਲਿਤ ਕੰਮ ਤੋਂ ਵਾਪਸ ਆਇਆ ਸੀ ਤੇ ਖੋਖੇ 'ਤੇ ਹੋਰ ਲੋਕਾਂ ਨਾਲ ਖੜ੍ਹਾ ਸੀ। ਇਸ ਦੌਰਾਨ ਦੋ ਕਾਰਾਂ ਤੇਜ਼ ਰਫਤਾਰ ਨਾਲ ਆਈਆਂ। ਇਕ ਕਾਰ ਲੰਘ ਗਈ ਪਰ ਬੋਲੈਨੋ ਕਾਰ ਚਾਲਕ ਨੇ ਅੱਗ ਸੇਕ ਰਹੇ ਲੋਕਾਂ ਨੂੰ ਕੁਚਲ ਦਿੱਤਾ।
ਰਾਹਗੀਰਾਂ ਨੇ ਖੂਨ ਨਾਲ ਲੱਥਪੱਥ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਪਹੁੰਚਾਇਆ। ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਇੰਦੂ ਨੇ ਪੁਲਸ 'ਤੇ ਬੋਲੈਨੋ ਕਾਰ ਚਾਲਕ ਅਤੇ ਔਰਤ ਨੂੰ ਭਜਾ ਦੇਣ ਦਾ ਦੋਸ਼ ਲਗਾਇਆ ਹੈ।
ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਕਾਰ 'ਚ ਇਕ ਨੌਜਵਾਨ ਸਵਾਰ ਸੀ ਅਤੇ ਉਸ ਦੇ ਨਾਲ ਇਕ ਲੜਕੀ ਵੀ ਬੈਠੀ ਸੀ | ਕਾਰ ਪਲਟ ਗਈ ਸੀ। ਲੋਕਾਂ ਨੇ ਕਾਰ ਨੂੰ ਸਿੱਧਾ ਕੀਤਾ ਅਤੇ ਮੁਹੰਮਦ ਨੂੰ ਬਾਹਰ ਕੱਢ ਲਿਆ।ਐਂਬੂਲੈਂਸ ਨੂੰ ਸੂਚਿਤ ਕੀਤਾ ਗਿਆ ਪਰ ਐਂਬੂਲੈਂਸ ਨਹੀਂ ਆਈ। ਜ਼ਖਮੀ ਰਘੂਨਾਥ ਨੂੰ ਹਸਪਤਾਲ ਪਹੁੰਚਾਇਆ ਪਰ ਉਸ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਕੰਧ ਅਤੇ ਖੋਖੇ ਨਾਲ ਟਕਰਾਉਣ ਤੋਂ ਬਾਅਦ ਕਾਰ ਦੇ ਏਅਰ ਬੈਗ ਖੁੱਲ੍ਹ ਗਏ। ਸਦਰ ਥਾਣੇ ਦੇ ਐਸਐਚਓ ਗੁਰਪ੍ਰੀਤ ਸਿੰਘ ਅਨੁਸਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਬਾਕੀ ਕੁਝ ਲੋਕ ਜ਼ਖਮੀ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਬਾਰੇ ਪਤਾ ਲਗਾ ਰਹੇ ਹਨ। ਜ਼ਖਮੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ।