ਦਿੱਲੀ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਝਟਕਾ ਲੱਗਾ ਹੈ। 'ਆਪ' ਦੇ ਸੀਨੀਅਰ ਨੇਤਾ ਅਤੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਅੱਜ ਭਾਜਪਾ 'ਚ ਸ਼ਾਮਲ ਹੋ ਗਏ ਹਨ। ਕੈਲਾਸ਼ ਗਹਿਲੋਤ ਨੇ ਕੱਲ੍ਹ ਹੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਉਦੋਂ ਤੋਂ ਹੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ।
ਕੱਲ੍ਹ ਅਸਤੀਫ਼ੇ ਦੀ ਲਿਖੀ ਸੀ ਚਿੱਠੀ
ਅਸ਼ੋਕ ਗਹਿਲੋਤ ਨੇ ਕੱਲ੍ਹ ਪੱਤਰ ਲਿਖ ਕੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਚਿੱਠੀ 'ਚ ਉਨ੍ਹਾਂ ਲਿਖਿਆ ਕਿ ਸ਼ੀਸ਼ਮਹਿਲ ਵਰਗੇ ਕਈ ਸ਼ਰਮਨਾਕ ਅਤੇ ਅਜੀਬ ਵਿਵਾਦ ਹਨ, ਜੋ ਹੁਣ ਹਰ ਕਿਸੇ ਨੂੰ ਸ਼ੱਕ 'ਚ ਪਾ ਰਹੇ ਹਨ। ਜੋ ਹੁਣ ਹਰ ਕਿਸੇ ਨੂੰ ਸ਼ੱਕ ਦੇ ਘੇਰੇ ਵਿਚ ਪਾ ਰਿਹਾ ਹੈ ਕਿ ਕੀ ਅਸੀਂ ਅਜੇ ਵੀ ਆਮ ਆਦਮੀ ਹੋਣ ਵਿਚ ਵਿਸ਼ਵਾਸ ਰੱਖਦੇ ਹਾਂ?
ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਦਿੱਲੀ ਦੀ ਅਸਲ ਤਰੱਕੀ ਨਹੀਂ ਹੋ ਸਕਦੀ ਜੇਕਰ ਦਿੱਲੀ ਸਰਕਾਰ ਆਪਣਾ ਜ਼ਿਆਦਾਤਰ ਸਮਾਂ ਕੇਂਦਰ ਨਾਲ ਲੜਨ ਵਿੱਚ ਬਿਤਾਉਂਦੀ ਹੈ। ਮੇਰੇ ਕੋਲ 'ਆਪ' ਤੋਂ ਵੱਖ ਹੋਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਹੈ ਅਤੇ ਇਸ ਲਈ ਮੈਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ।
ਪਾਰਟੀ 'ਤੇ ਲਗਾਏ ਦੋਸ਼
ਕੈਲਾਸ਼ ਗਹਿਲੋਤ ਨੇ ਆਮ ਆਦਮੀ ਪਾਰਟੀ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਜਿਸ ਇਮਾਨਦਾਰ ਰਾਜਨੀਤੀ ਕਾਰਨ ਉਹ ਪਾਰਟੀ 'ਚ ਸ਼ਾਮਲ ਹੋਏ ਸਨ, ਉਹ ਹੁਣ ਨਹੀਂ ਹੋ ਰਹੀ। ਉਨ੍ਹਾਂ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਨੂੰ ‘ਸ਼ੀਸ਼ਮਹਿਲ’ ਦੱਸਦਿਆਂ ਕਈ ਦੋਸ਼ ਲਾਏ। ਇਸ ਦੇ ਨਾਲ ਹੀ ਉਨ੍ਹਾਂ ਯਮੁਨਾ 'ਚ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਸਰਕਾਰ 'ਤੇ ਦੋਸ਼ ਵੀ ਲਾਏ।