ਅੰਮ੍ਰਿਤਸਰ 'ਚ ਨਵਾਂ ਫੋਨ ਨਾ ਦਿਖਾਉਣ 'ਤੇ ਦੋਸਤਾਂ ਨੇ ਆਪਣੇ ਹੀ ਦੋਸਤ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਅਨਿਕੇਤ ਵਜੋਂ ਹੋਈ ਹੈ। ਪੁਲਸ ਨੇ ਇਸ ਮਾਮਲੇ 'ਚ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ 2 ਦੋਸ਼ੀ ਅਜੇ ਫਰਾਰ ਹਨ। ਪੁਲਸ ਉਨ੍ਹਾਂ ਦੀ ਭਾਲ ਵਿੱਚ ਲੱਗੀ ਹੋਈ ਹੈ।
ਫੋਨ ਨਾ ਦਿਖਾਉਣ 'ਤੇ ਪਹਿਲਾਂ ਕੀਤੀ ਕੁੱਟ-ਮਾਰ
ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ 30 ਨਵੰਬਰ ਨੂੰ ਅਨਿਕੇਤ ਲਾਹੌਰੀ ਗੇਟ ਵਿਖੇ ਆਪਣੀ ਭੂਆ ਨੂੰ ਮਿਲਣ ਗਿਆ ਸੀ। ਇਸ ਦੌਰਾਨ ਉਸ ਦੇ ਦੋਸਤ ਕਰਨ ਨੇ ਸਾਰਿਆਂ ਨਾਲ ਬੀਅਰ ਪੀਣ ਦਾ ਪ੍ਰੋਗਰਾਮ ਬਣਾਇਆ। ਝੱਬਾਲ ਰੋਡ 'ਤੇ ਦਸਮੇਸ਼ ਐਵੇਨਿਊ 'ਚ ਇਕ ਘਰ 'ਚ ਸਾਰੇ ਦੋਸਤ ਇਕੱਠੇ ਹੋਏ। ਉੱਥੇ ਸਾਰਿਆਂ ਨੇ ਬੀਅਰ ਪੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਅਨਿਕੇਤ ਦੇ ਨਵੇਂ ਫੋਨ ਤੋਂ ਫੋਟੋਆਂ ਖਿੱਚੀਆਂ।
ਜਦੋਂ ਉਨ੍ਹਾਂ ਨੇ ਅਨਿਕੇਤ ਨੂੰ ਦੁਬਾਰਾ ਫ਼ੋਨ ਦੇਣ ਲਈ ਕਿਹਾ ਤਾਂ ਉਸ ਨੇ ਮਨ੍ਹਾ ਕਰ ਦਿੱਤਾ। ਇਸ ਤੋਂ ਖਿੱਝ ਕੇ ਪੰਜ ਦੋਸਤਾਂ ਨੇ ਨਸ਼ੇ ਦੀ ਹਾਲਤ ਵਿਚ ਅਨਿਕੇਤ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਹ ਦਾਤ ਲੈ ਆਏ ਅਤੇ ਉਸ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਸਾਰੇ ਫਰਾਰ ਹੋ ਗਏ। ਦੱਸ ਦੇਈਏ ਕਿ ਅਨਿਕੇਤ ਨੇ ਫੋਨ ਨਵਾਂ ਲਿਆ ਸੀ, ਜਿਸ ਦੀ ਕੀਮਤ ਸਵਾ ਲੱਖ ਦੇ ਕਰੀਬ ਦੱਸੀ ਜਾ ਰਹੀ ਹੈ।
ਪੁਲਸ ਨੇ ਦੋਸ਼ੀ ਨਾਬਾਲਗਾਂ ਨੂੰ ਜੁਵੈਨਾਇਲ ਹੋਮ ਭੇਜਿਆ
ਸਬ ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਹੀਰਾ ਲਾਲ ਦੀ ਸ਼ਿਕਾਇਤ ’ਤੇ ਸਾਰੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਨਾਬਾਲਗਾਂ ਨੂੰ ਜੁਵੈਨਾਇਲ ਹੋਮ ਭੇਜਿਆ ਹੈ। ਪੁਲਸ ਨੇ ਵਾਰਦਾਤ ਵਿੱਚ ਵਰਤਿਆ ਦਾਤ ਵੀ ਬਰਾਮਦ ਕਰ ਲਿਆ ਹੈ।