ਲੇਹ-ਲੱਦਾਖ ਵਿਚ ਇਕ ਫੌਜੀ ਜਵਾਨ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਫੌਜੀ ਦਾ ਨਾਂ ਗੁਰਪ੍ਰੀਤ ਸਿੰਘ ਹੈ, ਜੋ ਕਿ ਹਰਿਆਣਾ ਦੇ ਅੰਬਾਲਾ ਦੇ ਸ਼ੇਰਪੁਰ ਪਿੰਡ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਜਵਾਨ ਦੀ ਡਿਊਟੀ ਦੌਰਾਨ ਲੇਹ-ਲੱਦਾਖ ਵਿੱਚ ਬਰਫ਼ ਤੋਂ ਫਿਸਲਣ ਕਾਰਨ ਮੌਤ ਹੋ ਗਈ।
ਅੱਜ ਪਿੰਡ ਵਿਚ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਅੰਤਿਮ ਸੰਸਕਾਰ
ਫੌਜੀ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਅੱਜ ਨੂੰ ਪਿੰਡ ਸ਼ੇਰਪੁਰ ਪਹੁੰਚੇਗੀ। ਪੁਲਸ ਨੇ ਦੱਸਿਆ ਕਿ ਪਿੰਡ ਸ਼ੇਰਪੁਰ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ (32) ਭਾਰਤੀ ਫੌਜ ਵਿੱਚ ਤਾਇਨਾਤ ਸੀ। ਇਸ ਸਮੇਂ ਉਹ ਲੇਹ 'ਚ ਡਿਊਟੀ 'ਤੇ ਤਾਇਨਾਤ ਸੀ, ਜਿਥੇ ਇਹ ਘਟਨਾ ਵਾਪਰ ਗਈ। ਗਸ਼ਤ ਦੌਰਾਨ ਗੁਰਪ੍ਰੀਤ ਸਿੰਘ ਬਰਫ਼ ਤੋਂ ਤਿਲਕ ਕੇ ਨਹਿਰ ਵਿੱਚ ਡਿੱਗ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਫੌਜ ਦੇ ਜਵਾਨਾਂ ਨੇ ਗੁਰਪ੍ਰੀਤ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ। ਉਥੇ ਇਲਾਜ ਦੌਰਾਨ ਗੁਰਪ੍ਰੀਤ ਸਿੰਘ ਨੇ ਆਖਰੀ ਸਾਹ ਲਿਆ। ਵੀਰਵਾਰ ਨੂੰ ਫੌਜ ਨੇ ਗੁਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਮੌਤ ਦੀ ਸੂਚਨਾ ਦਿੱਤੀ।
ਪਿੰਡ ਵਿਚ ਸੋਗ ਦੀ ਲਹਿਰ
ਫੌਜੀ ਗੁਰਪ੍ਰੀਤ ਸਿੰਘ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਸ਼ੇਰਪੁਰ ਵਿੱਚ ਸੋਗ ਦੀ ਲਹਿਰ ਦੌੜ ਗਈ। ਗੁਰਪ੍ਰੀਤ ਦੀ ਲਾਸ਼ ਦਾ ਲੇਹ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਹੈ। ਸ਼ੁੱਕਰਵਾਰ ਨੂੰ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਅੰਬਾਲਾ ਤੋਂ ਫੌਜ ਦੀ ਗੱਡੀ ਵਿੱਚ ਉਨ੍ਹਾਂ ਦੇ ਪਿੰਡ ਸ਼ੇਰਪੁਰ ਲਿਆਂਦਾ ਜਾਵੇਗਾ,ਉੱਥੇ ਪਰਿਵਾਰ ਅਤੇ ਹੋਰ ਰਿਸ਼ਤੇਦਾਰ ਫੌਜੀ ਦੇ ਅੰਤਿਮ ਦਰਸ਼ਨ ਕਰ ਸਕਣਗੇ।
ਫੌਜ ਦੀ ਟੁਕੜੀ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਸਲਾਮੀ ਦੇਵੇਗੀ, ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਦਾ ਸਸਕਾਰ ਕੀਤਾ ਜਾਵੇਗਾ।