ਲੁਧਿਆਣਾ 'ਚ ਇਕ ਘਰ 'ਤੇ ਦੋ ਅਣਪਛਾਤੇ ਲੋਕਾਂ ਨੇ ਡੀਜ਼ਲ ਬੰਬ ਨਾਲ ਹਮਲਾ ਕੀਤਾ। ਇਹ ਹਮਲਾ ਇੱਕ ਹਿੰਦੂ ਨੇਤਾ ਦੇ ਘਰ 'ਤੇ ਕੀਤਾ ਗਿਆ ਹੈ। ਜਿਸ 'ਚ ਉਸਦੀ ਏ-ਸਟਾਰ ਕਾਰ ਨੁਕਸਾਨੀ ਗਈ। ਥਾਣਾ ਹੈਬੋਵਾਲ ਤੇ ਜਗਤਪੁਰੀ ਚੌਕੀ ਦੀ ਪੁਲਿਸ ਨੇ ਸੀਸੀਟੀਵੀ ਕਬਜ਼ੇ 'ਚ ਲੈ ਕੇ ਹਮਲਾ ਕਰਨ ਵਾਲੇ ਵਿਅਕਤੀ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਜਾਣਕਾਰੀ ਮੁਤਾਬਕ ਇਹ ਘਰ ਸ਼ਿਵ ਸੈਨਾ ਭਾਰਤਵੰਸ਼ੀ ਮੁਖੀ ਯੋਗੇਸ਼ ਬਖਸ਼ੀ ਦਾ ਦੱਸਿਆ ਜਾਂਦਾ ਹੈ। ਯੋਗੇਸ਼ ਬਖਸ਼ੀ ਨੇ ਦੱਸਿਆ ਕਿ ਉਹ ਨਿਊ ਚੰਦਰ ਨਗਰ ਗਲੀ ਨੰਬਰ 3 ਵਿੱਚ ਰਹਿੰਦਾ ਹੈ। ਜਦ ਉਨ੍ਹਾਂ ਨੇ ਗਲੀ 'ਚ ਰੌਲਾ ਸੁਣਿਆ ਤਾਂ ਉਹ ਘਰ ਤੋਂ ਬਾਹਰ ਆਏ। ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀ ਏ-ਸਟਾਰ ਕਾਰ ਨੂੰ ਅੱਗ ਲੱਗੀ ਹੋਈ ਸੀ।
ਸੀਸੀਟੀਵੀ ਰਾਹੀਂ ਹੋਇਆ ਖੁਲਾਸਾ
ਉਨ੍ਹਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਅੱਗ 'ਤੇ ਕਾਬੂ ਪਾ ਲਿਆ ਹੈ। ਜਦ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਪਤਾ ਲੱਗਾ ਕਿ ਦੋ ਅਣਪਛਾਤੇ ਨੌਜਵਾਨ ਬਾਈਕ 'ਤੇ ਸਵਾਰ ਹੋ ਕੇ ਆਏ ਸਨ। ਯੋਗੇਸ਼ ਅਨੁਸਾਰ ਬਦਮਾਸ਼ਾਂ ਨੇ ਉਨ੍ਹਾਂ ਦੇ ਘਰ ਤੋਂ ਕੁਝ ਦੂਰੀ 'ਤੇ ਬਾਈਕ ਰੋਕੀ ਤੇ ਦੂਰੋਂ ਹੀ ਸ਼ੀਸ਼ੇ ਦੀ ਬੋਤਲ ਨੂੰ ਅੱਗ ਲਗਾ ਕੇ ਡੀਜ਼ਲ ਬੰਬ ਬਣਾ ਕੇ ਉਸ ਦੇ ਘਰ ਵੱਲ ਸੁੱਟਿਆ।
ਪਹਿਲਾਂ ਵੀ ਮਿਲ ਚੁੱਕੀ ਹੈ ਧਮਕੀ
ਬਖਸ਼ੀ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ 'ਤੇ ਕੱਚ ਦੀ ਬੋਤਲ ਡਿੱਗ ਗਈ, ਜਿਸ ਕਾਰਨ ਉਨ੍ਹਾਂ ਦੀ ਕਾਰ ਨੂੰ ਵੀ ਅੱਗ ਲੱਗ ਗਈ ਸੀ। ਬਖਸ਼ੀ ਨੇ ਦੱਸਿਆ ਕਿ ਉਸ ਨੂੰ 30 ਜੁਲਾਈ ਨੂੰ ਵੀ ਧਮਕੀ ਮਿਲੀ ਸੀ। ਉਨ੍ਹਾਂ ਇਸ ਸਬੰਧੀ ਪੁਲਿਸ ਕਮਿਸ਼ਨਰ ਨੂੰ ਵੀ ਸੂਚਿਤ ਕਰ ਦਿੱਤਾ ਹੈ ਅਤੇ ਇਲਾਕਾ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਹੈ।