ਆਪਣੇ 30 ਸਾਲ ਦੇ ਲੰਬੇ ਕੈਰੀਅਰ ‘ਚ ਕਈ ਸੁਪਰਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਜੈਜ਼ੀ ਬੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨ, ਇੱਕ ਦੂਜੇ ਪ੍ਰਤੀ ਪਿਆਰ ਅਤੇ ਸਤਿਕਾਰ ਦਿਖਾਉਣ ਦੀ ਸਲਾਹ ਦਿੱਤੀ ਹੈ। ਜੈਜ਼ੀ ਬੀ ਸੋਸ਼ਲ ਮੀਡੀਆ ਹੈਂਡਲਜ਼ ਰਾਹੀਂ ਪ੍ਰਸ਼ੰਸਕਾਂ ਵਿਚਕਾਰ ਹਮੇਸ਼ਾ ਐਕਟਿਵ ਰਹਿੰਦੇ ਹਨ।
ਜੈਜ਼ੀ ਬੀ ਨੇ ਹਰਿਮੰਦਰ ਸਾਹਿਬ ਪਹੁੰਚ ਕੇ ਅਸ਼ੀਰਵਾਦ ਲਿਆ। ਉਹਨਾਂ ਨੇ ਦੱਸਿਆ ਕਿ ਨਵੇਂ ਸਾਲ ਮੌਕੇ ਉਹ ਗੁਰੂ ਘਰ ਮੱਥਾ ਟੇਕਣ ਆਏ ਹਨ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਅਤੇ ਦੇਸ਼ ਦੀ ਤਰੱਕੀ ਹੋਵੇ। ਉਨ੍ਹਾਂ ਕਿਹਾ ਕਿ ਗੁਰੂ ਘਰ ਆ ਕੇ ਜੋ ਮਨ ਨੂੰ ਸ਼ਾਂਤੀ ਮਿਲਦੀ ਹੈ, ਉਹ ਹੋਰ ਕਿਧਰੇ ਨਹੀਂ ਮਿਲਦੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਸਟੇਜ ‘ਤੇ ਆਉਂਦੇ ਹਨ ਤਾਂ ਸਭ ਤੋਂ ਪਹਿਲਾਂ ਬਾਣੀ ਨਾਲ ਸ਼ੁਰੂਆਤ ਕਰਦੇ ਹਨ। ਬਾਣੀ ਤੋਂ ਉਪਰ ਕੁਝ ਨਹੀਂ ਹੈ।
ਸੰਗਤਾਂ ਨੂੰ ਕੀਤੀ ਇਹ ਅਪੀਲ
ਜੈਜ਼ੀ-ਬੀ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਸ ਵਿੱਚ ਸਭ ਨੂੰ ਪਿਆਰ ਤੇ ਸਤਿਕਾਰ ਦੋ, ਜਿਹੜੇ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਆਪਣੇ ਬੱਚਿਆ ਨੂੰ ਉਸ ਨਾਲ ਜ਼ਰੂਰ ਜੋੜੋ ਤੇ ਆਪਣੇ ਬੱਚਿਆ ਨੂੰ ਪੰਜਾਬੀ ਮਾਂ ਬੋਲੀ ਜ਼ਰੂਰ ਸਿਖਾਓ।