ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਦੇ ਨਾਲ ਹੀ ਨਤੀਜਿਆਂ ਤੋਂ ਇੱਕ ਦਿਨ ਬਾਅਦ ਮੁੱਖ ਮੰਤਰੀ ਆਤਿਸ਼ੀ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸਵੇਰੇ 11 ਵਜੇ ਉਹ LG ਵੀ ਕੇ ਸਕਸੈਨਾ ਨੂੰ ਮਿਲੇ ਅਤੇ ਆਪਣਾ ਅਸਤੀਫਾ ਸੌਂਪ ਦਿੱਤਾ। ਅਸਤੀਫ਼ਾ ਮਿਲਣ 'ਤੇ ਉਪ ਰਾਜਪਾਲ ਨੇ ਦਿੱਲੀ ਦੀ 7ਵੀਂ ਵਿਧਾਨ ਸਭਾ ਭੰਗ ਕਰ ਦਿੱਤੀ।
ਭਾਜਪਾ ਨੂੰ ਮਿਲੀਆਂ 48 ਸੀਟਾਂ
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ 48 ਸੀਟਾਂ ਮਿਲੀਆਂ ਹਨ ਅਤੇ 'ਆਪ' ਸਿਰਫ਼ 22 ਸੀਟਾਂ ਤੱਕ ਸੀਮਤ ਰਹਿ ਗਈ ਜਦੋਂ ਕਿ ਕਾਂਗਰਸ ਲਗਾਤਾਰ ਤੀਜੀ ਵਾਰ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ।
ਕੇਜਰੀਵਾਲ ਅਤੇ ਸਿਸੋਦੀਆ ਸਮੇਤ ਇਹ ਵੱਡੇ ਚਿਹਰੇ ਹਾਰੇ
ਚੋਣਾਂ ਵਿੱਚ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੋਵੇਂ ਆਪਣੀਆਂ ਸੀਟਾਂ ਬਚਾਉਣ ਵਿੱਚ ਸਫਲ ਨਹੀਂ ਹੋਏ। ਇਸ ਦੇ ਨਾਲ ਹੀ 'ਆਪ' ਦੇ ਹੋਰ ਵੱਡੇ ਚਿਹਰਿਆਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ ਸਤੇਂਦਰ ਜੈਨ, ਸੋਮਨਾਥ ਭਾਰਤੀ, ਸੌਰਭ ਭਾਰਦਵਾਜ, ਅਮਾਨਤੁੱਲਾ ਖਾਨ ਅਤੇ ਅਵਧ ਓਝਾ ਦੇ ਨਾਂ ਸ਼ਾਮਲ ਹਨ। ਭਾਜਪਾ 27 ਸਾਲਾਂ ਬਾਅਦ ਦਿੱਲੀ ਵਿਧਾਨ ਸਭਾ ਵਿੱਚ ਵਾਪਸੀ ਕਰ ਰਹੀ ਹੈ।
ਆਤਿਸ਼ੀ ਨੇ ਜਿੱਤ ਦਰਜ ਕੀਤੀ
ਜਿੱਥੇ 'ਆਪ' ਦੇ ਵੱਡੇ ਚਿਹਰੇ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰ ਰਹੇ ਹਨ, ਉਥੇ ਹੀ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਆਪਣੀ ਸੀਟ ਬਚਾਉਣ ਵਿੱਚ ਕਾਮਯਾਬ ਰਹੀ ਹੈ ਅਤੇ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਭਾਜਪਾ ਦੇ ਰਮੇਸ਼ ਬਿਧੂਰੀ ਨੂੰ ਹਰਾਇਆ ਜਦੋਂ ਕਿ ਕਾਂਗਰਸ ਦੀ ਅਲਕਾ ਲਾਂਬਾ ਤੀਜੇ ਸਥਾਨ 'ਤੇ ਰਹੀ।
ਮੁੱਖ ਮੰਤਰੀ ਦੇ ਨਾਂ ਲਈ ਅਮਿਤ ਸ਼ਾਹ ਦੇ ਘਰ ਹੋਈ ਮੀਟਿੰਗ
ਭਾਜਪਾ ਦਿੱਲੀ ਦੇ ਅਗਲੇ ਮੁੱਖ ਮੰਤਰੀ ਦੇ ਨਾਂ ਨੂੰ ਅੰਤਿਮ ਰੂਪ ਦੇਣ ਲਈ ਅਮਿਤ ਸ਼ਾਹ ਦੇ ਘਰ ਇੱਕ ਮੀਟਿੰਗ ਵੀ ਕਰ ਰਹੀ ਹੈ। ਜੇ ਪੀ ਨੱਡਾ ਗ੍ਰਹਿ ਮੰਤਰੀ ਦੇ ਘਰ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦੇਸ਼ਾਂ ਦੇ ਦੌਰੇ 'ਤੇ ਜਾ ਰਹੇ ਹਨ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਉਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ ਹੀ ਹੋਵੇਗਾ। ਇਸ ਵਿੱਚ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।