ਅੰਮ੍ਰਿਤਸਰ ਦੇ ਜੁਝਾਰ ਐਵੇਨਿਊ 'ਚ ਇੱਕ ਐਨਆਰਆਈ ਦੇ ਘਰ ਕੁਝ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਘਰ ਦੀਆਂ ਕੰਧਾਂ 'ਤੇ ਗੋਲੀਆਂ ਦੇ ਨਿਸ਼ਾਨ ਹਨ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਮਲਾਵਰਾਂ ਨੇ ਰਾਊਂਡ ਫਾਇਰ ਕੀਤੇ
ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਅਚਾਨਕ ਲੋਕਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਪਹਿਲਾਂ ਤਾਂ ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਬੱਚੇ ਪਟਾਕੇ ਚਲਾ ਰਹੇ ਹਨ, ਪਰ ਬਾਅਦ ਵਿਚ ਲਗਾਤਾਰ ਗੋਲੀਆਂ ਚਲਾਈਆਂ ਗਈਆਂ। ਫਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਪਟਾਕੇ ਨਹੀਂ, ਫਾਇਰਿੰਗ ਕੀਤੀ ਗਈ ਹੈ| ਹਮਲਾਵਰਾਂ ਨੇ ਨੌਂ ਗੋਲੀਆਂ ਚਲਾਈਆਂ ਜੋ ਘਰ ਦੀ ਕੰਧ 'ਤੇ ਲੱਗੀਆਂ।
ਘਰ 'ਚ ਮੌਜੂਦ ਸੀ ਬਜ਼ੁਰਗ ਔਰਤ
ਜਿਸ ਸਮੇਂ ਹਮਲਾਵਰਾਂ ਨੇ ਘਰ 'ਤੇ ਗੋਲੀਆਂ ਚਲਾਈਆਂ, ਉਸ ਸਮੇਂ ਘਰ 'ਚ ਸਿਰਫ ਇਕ ਬਜ਼ੁਰਗ ਔਰਤ ਮੌਜੂਦ ਸੀ। ਜਾਂਚ ਕਰ ਰਹੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਔਰਤ ਘਰ 'ਚ ਇਕੱਲੀ ਸੀ ਜਦਕਿ ਉਸ ਦੇ ਪਰਿਵਾਰਕ ਮੈਂਬਰ ਵਿਦੇਸ਼ 'ਚ ਰਹਿੰਦੇ ਹਨ।
ਸੀਸੀਟੀਵੀ ਜਾਂਚ 'ਚ ਲੱਗੀ ਹੋਈ ਪੁਲਸ
ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਹਮਲਾਵਰਾਂ ਦੇ ਇਰਾਦੇ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ ਪਰ ਪੁਲਿਸ ਇਸ ਨੂੰ ਗੰਭੀਰਤਾ ਨਾਲ ਲੈ ਕੇ ਜਾਂਚ ਕਰ ਰਹੀ ਹੈ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।