ਬਹੁਜਨ ਸਮਾਜ ਪਾਰਟੀ ਨੇ ਜਲੰਧਰ ਤੋਂ ਬਲਵਿੰਦਰ ਕੁਮਾਰ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਬਸਪਾ ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਇਸ ਤੋਂ ਪਹਿਲਾਂ 4 ਉਮੀਦਵਾਰਾਂ ਨੂੰ ਟਿਕਟਾਂ ਦੇ ਚੁੱਕੀ ਹੈ। ਜਲੰਧਰ ਸੀਟ 'ਤੇ ਦਲਿਤ ਵੋਟ ਬੈਂਕ ਨੂੰ ਧਿਆਨ 'ਚ ਰੱਖਦੇ ਹੋਏ ਬਲਵਿੰਦਰ ਕੁਮਾਰ ਨੂੰ ਇਕ ਵਾਰ ਫਿਰ ਮੈਦਾਨ 'ਚ ਉਤਾਰਿਆ ਗਿਆ ਹੈ।
ਜਲੰਧਰ ਲੋਕ ਸਭਾ ਸੀਟ ਤੋਂ ਲੜ ਚੁੱਕੇ ਹਨ ਚੋਣ
ਦੱਸ ਦੇਈਏ ਕਿ ਪਹਿਲਾਂ ਵੀ ਬਲਵਿੰਦਰ ਕੁਮਾਰ ਜਲੰਧਰ ਲੋਕ ਸਭਾ ਸੀਟ ਤੋਂ ਚੋਣ ਲੜ ਚੁੱਕੇ ਹਨ ਪਰ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਚੋਂ ਹੁਣ ਤੱਕ 4 ਉਮੀਦਵਾਰਾਂ ਦਾ ਐਲਾਨ ਹੋ ਚੁੱਕਾ ਹੈ, ਜਿਸ ਵਿੱਚ ਹੁਸ਼ਿਆਰਪੁਰ ਤੋਂ ਰਾਕੇਸ਼ ਕੁਮਾਰ, ਫਿਰੋਜ਼ਪੁਰ ਤੋਂ ਸੁਰਿੰਦਰ ਕੰਬੋਜ ਅਤੇ ਸੰਗਰੂਰ ਤੋਂ ਡਾ. ਮੱਖਣ ਸਿੰਘ ਦੇ ਨਾਂ ਐਲਾਨੇ ਗਏ ਹਨ। ਜਦਕਿ ਹੁਣ ਪਟਿਆਲਾ ਸੀਟ ਤੋਂ ਵੀ ਉਮੀਦਵਾਰ ਐਲਾਨ ਦਿੱਤਾ ਗਿਆ ਹੈ।
ਬਾਕੀ ਉਮੀਦਵਾਰਾਂ ਦਾ ਐਲਾਨ ਵੀ ਜਲਦ : ਬੈਣੀਵਾਲ
ਬਲਵਿੰਦਰ ਕੁਮਾਰ ਨੂੰ ਟਿਕਟ ਦੇਣ ਦੀ ਪੁਸ਼ਟੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਨੇ ਕੀਤੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਸਵੇਰੇ ਪਟਿਆਲਾ ਤੋਂ ਜਗਜੀਤ ਸਿੰਘ ਛੜਬੜ ਦੇ ਨਾਂ ਦਾ ਐਲਾਨ ਕੀਤਾ ਗਿਆ ਸੀ। ਬੈਣੀਵਾਲ ਨੇ ਕਿਹਾ ਕਿ ਬਾਕੀ ਸੀਟਾਂ ਲਈ ਵੀ ਉਮੀਦਵਾਰਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ।
ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਵੱਖ-ਵੱਖ ਰਾਜਨੀਤਕ ਦਲਾਂ ਦੇ ਪੰਜਾਬ ਦੇ ਨਕਲੀ ਤੇ ਝੂਠੇ ਦਲਿਤ ਚਿਹਰਿਆਂ ਨੂੰ ਮਲੀਆਮੇਟ ਕਰਨ ਦਾ ਕੰਮ ਜਲੰਧਰ ਲੋਕ ਸਭਾ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਕਰਨਗੇ। ਬਲਵਿੰਦਰ ਬਸਪਾ ਪੰਜਾਬ ਦੇ ਮੌਜੂਦਾ ਜਨਰਲ ਸਕੱਤਰ ਹਨ ਅਤੇ ਪਿਛਲੇ ਚਾਰ ਮਹੀਨਿਆਂ ਤੋਂ ਲਗਾਤਾਰ ਲੋਕ ਸਭਾ ਇੰਚਾਰਜ ਵਜੋਂ ਸਰਗਰਮ ਸਨ। ਇਸ ਤੋਂ ਪਹਿਲਾਂ ਉਹ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਕਰਤਾਰਪੁਰ ਤੋਂ ਲੜ ਚੁੱਕੇ ਹਨ, ਜਦਕਿ 2019 ਵਿਚ ਜਲੰਧਰ ਤੋਂ ਲੋਕ ਸਭਾ ਚੋਣ ਵਿਚ 2 ਲੱਖ 4 ਹਜ਼ਾਰ ਵੋਟਾਂ ਹਾਸਲ ਕਰ ਕੇ ਦਬਦਬਾ ਕਾਇਮ ਕੀਤਾ ਸੀ।