ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਦੇ ਖਤਰਿਆਂ ਦੇ ਮੱਦੇਨਜ਼ਰ ਸਾਹਸੀ ਗਤੀਵਿਧੀਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਸਰਕਾਰੀ ਹੁਕਮਾਂ ਅਨੁਸਾਰ 15 ਜੁਲਾਈ ਤੋਂ ਪੈਰਾਗਲਾਈਡਿੰਗ, ਰਿਵਰ ਰਾਫਟਿੰਗ, ਵਾਟਰ ਸਪੋਰਟਸ ਅਤੇ ਵੱਖ-ਵੱਖ ਸਾਹਸਿਕ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਹੋਵੇਗੀ।ਸੈਰ-ਸਪਾਟਾ ਵਿਭਾਗ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ |
ਸੂਬੇ ਦੇ ਕਈ ਖੇਤਰਾਂ ਤੇ ਲਗਾਈ ਪਾਬੰਦੀ
ਕੁੱਲੂ-ਮਨਾਲੀ, ਬੀਡ ਬਿਲਿੰਗ, ਧਰਮਸ਼ਾਲਾ, ਬਿਲਾਸਪੁਰ ਅਤੇ ਸੂਬੇ ਦੇ ਹੋਰ ਖੇਤਰਾਂ ਵਿੱਚ ਸਾਹਸੀ ਖੇਡਾਂ ਦੀਆਂ ਗਤੀਵਿਧੀਆਂ 'ਤੇ ਪਾਬੰਦੀ ਰਹੇਗੀ। ਪੈਰਾਗਲਾਈਡਿੰਗ ਅਤੇ ਰਿਵਰ ਰਾਫਟਿੰਗ ਲਈ ਸੈਲਾਨੀਆਂ ਨੂੰ ਦੋ ਮਹੀਨੇ ਉਡੀਕ ਕਰਨੀ ਪਵੇਗੀ। ਬਰਸਾਤ ਦੇ ਮੌਸਮ ਵਿੱਚ, ਮੀਂਹ ਅਤੇ ਜ਼ਮੀਨ ਖਿਸਕਣ, ਹੜ੍ਹਾਂ ਆਦਿ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ, ਦੋ ਮਹੀਨਿਆਂ ਲਈ ਸਾਹਸੀ ਗਤੀਵਿਧੀਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ।
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ
ਸੈਰ ਸਪਾਟਾ ਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਮੰਡੀ ਦੇ ਡਿਪਟੀ ਡਾਇਰੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਸੈਰ ਸਪਾਟਾ ਵਿਕਾਸ ਅਤੇ ਰਜਿਸਟ੍ਰੇਸ਼ਨ ਐਕਟ-2002 ਤਹਿਤ ਮੰਡੀ ਜ਼ਿਲ੍ਹੇ ਵਿੱਚ ਮਾਨਸੂਨ ਸੀਜ਼ਨ ਦੌਰਾਨ ਪੈਰਾਗਲਾਈਡਿੰਗ, ਰਿਵਰ ਰਾਫਟਿੰਗ, ਵਾਟਰ ਸਪੋਰਟਸ ਅਤੇ ਵੱਖ-ਵੱਖ ਸਾਹਸੀ ਗਤੀਵਿਧੀਆਂ 'ਤੇ ਮੁਕੰਮਲ ਪਾਬੰਦੀ ਰਹੇਗੀ | ਉਨ੍ਹਾਂ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਅਜਿਹੀਆਂ ਸਾਹਸੀ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖਣ ਲਈ ਵੀ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਗੈਰ-ਕਾਨੂੰਨੀ ਅਤੇ ਗੈਰ-ਅਧਿਕਾਰਤ ਸਾਹਸਿਕ ਗਤੀਵਿਧੀਆਂ ਦੇ ਆਯੋਜਨ ਵਿੱਚ ਸ਼ਾਮਲ ਪਾਇਆ ਗਿਆ ਤਾਂ ਸੈਰ-ਸਪਾਟਾ ਵਿਭਾਗ ਵੱਲੋਂ ਉਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ |