ਚੰਡੀਗੜ੍ਹ ਵਿੱਚ ਸਵੇਰੇ ਸਵੇਰੇ ਦੋ ਕਲੱਬਾਂ ਦੇ ਬਾਹਰ ਬੰਬ ਧਮਾਕੇ ਹੋਏ। ਘਟਨਾ ਮੰਗਲਵਾਰ ਸਵੇਰੇ 4 ਵਜੇ ਦੇ ਕਰੀਬ ਦੱਸੀ ਜਾ ਰਹੀ ਹੈ। ਸੈਕਟਰ-26 ਸਥਿਤ ਕਲੱਬ 'ਤੇ ਦੋ ਬਾਈਕ ਸਵਾਰਾਂ ਨੇ ਦੇਸੀ ਬੰਬ ਸੁੱਟ ਕੇ ਹਮਲਾ ਕਰ ਦਿੱਤਾ, ਜਿਸ ਕਾਰਨ ਕਲੱਬ ਦੇ ਸ਼ੀਸ਼ੇ ਟੁੱਟ ਗਏ। ਪੁਲਸ ਅਤੇ ਫੋਰੈਂਸਿਕ ਟੀਮ ਵੀ ਮੌਕੇ 'ਤੇ ਪੁੱਜੇ ਤੇ ਜਾਂਚ ਸ਼ੁਰੂ ਕੀਤੀ । ਜਿਨ੍ਹਾਂ ਕਲੱਬਾਂ 'ਤੇ ਹਮਲਾ ਕੀਤਾ ਗਿਆ ਸੀ, ਉਨ੍ਹਾਂ ਵਿੱਚੋਂ ਇੱਕ ਸੇਵਿਲੇ ਬਾਰ ਐਂਡ ਲੌਂਜ ਕਲੱਬ ਸੀ, ਜਿਸ ਦਾ ਮਾਲਕ ਮਸ਼ਹੂਰ ਰੈਪਰ ਬਾਦਸ਼ਾਹ ਹੈ।
ਪੀ ਐਮ ਮੋਦੀ 3 ਦਸੰਬਰ ਨੂੰ ਆ ਰਹੇ ਚੰਡੀਗੜ੍ਹ
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦਸੰਬਰ ਨੂੰ ਚੰਡੀਗੜ੍ਹ ਆਉਣ ਵਾਲੇ ਹਨ। ਜਿਨਾਂ ਦੇ ਦੌਰੇ ਤੋਂ ਪਹਿਲਾਂ ਇਨ੍ਹਾਂ ਧਮਾਕਿਆਂ ਨਾਲ ਦਹਿਸ਼ਤ ਫੈਲਦੀ ਨਜ਼ਰ ਆ ਰਹੀ ਹੈ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਸੈਂਪਲ ਲੈ ਲਏ ਹਨ।
ਪੀ ਐਮ ਦੇ ਪ੍ਰੋਗਰਾਮ ਤੋਂ ਪਹਿਲਾਂ ਪੁਲਸ ਅਲਰਟ
ਦੱਸਿਆ ਜਾ ਰਿਹਾ ਹੈ ਕਿ ਵਿਸਫੋਟਕ ਸੁੱਟਣ ਵਾਲੇ ਬਾਈਕ ਸਵਾਰ ਸਨ। ਇਸ ਦੇ ਨਾਲ ਹੀ ਪੀਐਮ ਮੋਦੀ ਦੇ ਦੌਰੇ ਤੋਂ ਪਹਿਲਾਂ ਪੁਲਸ ਅਲਰਟ ਮੋਡ 'ਤੇ ਹੈ ਪਰ ਇਸ ਘਟਨਾ ਨੇ ਪੁਲਸ ਦਾ ਤਣਾਅ ਹੋਰ ਵਧਾ ਦਿੱਤਾ ਹੈ। ਜਾਣਕਾਰੀ ਅਨੁਸਾਰ ਪੀ ਐੱਮ ਦੀ ਸੁਰੱਖਿਆ ਟੀਮ ਵੀ ਇੱਕ-ਦੋ ਦਿਨਾਂ ਵਿੱਚ ਚੰਡੀਗੜ੍ਹ ਆਉਣ ਵਾਲੀ ਹੈ।
ਧਮਾਕੇ ਦੌਰਾਨ ਕਲੱਬ ਬੰਦ ਸਨ
ਜਦੋਂ ਇਹ ਧਮਾਕੇ ਹੋਏ ਤਾਂ ਦੋਵੇਂ ਕਲੱਬ ਬੰਦ ਸਨ, ਜਿਸ ਕਾਰਨ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ। ਮੌਕੇ 'ਤੇ ਸਿਰਫ ਇਕ ਸੁਰੱਖਿਆ ਗਾਰਡ ਮੌਜੂਦ ਸੀ। ਉਸ ਨੇ ਹੀ ਪੁਲਸ ਨੂੰ ਸੂਚਨਾ ਦਿੱਤੀ।
ਹਮਲਾਵਰ ਮੂੰਹ ਢੱਕ ਕੇ ਆਏ ਸਨ
ਕਲੱਬ ਦੇ ਸੁਰੱਖਿਆ ਗਾਰਡ ਪੂਰਨ ਸਿੰਘ ਦਾ ਕਹਿਣਾ ਹੈ ਕਿ ਧਮਾਕੇ ਦੀ ਆਵਾਜ਼ ਸੁਣ ਕੇ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਸ਼ੀਸ਼ਾ ਟੁੱਟਿਆ ਹੋਇਆ ਸੀ। ਉੱਥੇ ਇੱਕ ਹੋਰ ਸੁਰੱਖਿਆ ਗਾਰਡ ਸੀ। ਹਮਲਾਵਰਾਂ ਵਿੱਚੋਂ ਇੱਕ ਨੇ ਗਾਰਡ ਨੂੰ ਕਹਿ ਰਿਹਾ ਸੀ, "ਤੂੰ ਮੇਰਾ ਕੀ ਉਖਾੜ ਲਵੇਂਗਾ?" ਉਸ ਦਾ ਮੂੰਹ ਢੱਕਿਆ ਹੋਇਆ ਸੀ। ਦੋਸ਼ੀ ਬਾਈਕ 'ਤੇ ਆਏ। ਇਸ ਦੌਰਾਨ ਇੱਕ ਨੌਜਵਾਨ ਨੇ ਬਾਈਕ ਸਟਾਰਟ ਕੀਤੀ ਅਤੇ ਉੱਥੇ ਬੈਠ ਗਿਆ ਜਦੋਂਕਿ ਦੂਜੇ ਨੇ ਧਮਾਕਾ ਕਰ ਦਿੱਤਾ।
ਦੋਵੇਂ ਕਲੱਬਾਂ 'ਚ 30 ਮੀਟਰ ਦੀ ਦੂਰੀ
ਚੰਡੀਗੜ੍ਹ ਦੇ ਸੈਕਟਰ 26 ਵਿੱਚ ਡੀਓਰਾ ਕਲੱਬ, ਜਿੱਥੇ ਨਕਾਬਪੋਸ਼ ਵਿਅਕਤੀਆਂ ਨੇ ਦੇਸੀ ਬੰਬ ਸੁੱਟੇ। ਦੱਸਿਆ ਜਾ ਰਿਹਾ ਹੈ ਕਿ ਨਕਾਬਪੋਸ਼ ਮੁਲਜ਼ਮ ਸੈਕਟਰ-26 ਥਾਣੇ ਦੇ ਸਾਹਮਣੇ ਤੋਂ ਆਏ ਸੀ। ਮੁਲਜ਼ਮਾਂ ਨੇ ਸਲਿਪ ਰੋਡ ’ਤੇ ਬਾਈਕ ਖੜ੍ਹੀ ਕਰ ਦਿੱਤੀ। ਇਸ ਤੋਂ ਬਾਅਦ ਸੇਵਿਲ ਬਾਰ ਅਤੇ ਲੌਂਜ ਦੇ ਬਾਹਰ ਇੱਕ ਕਰੂਡ ਬੰਬ ਸੁੱਟਿਆ ਗਿਆ। ਇਸ ਤੋਂ ਬਾਅਦ ਉਸ ਨੇ ਡੀਓਰਾ ਕਲੱਬ 'ਤੇ ਬੰਬ ਸੁੱਟਿਆ। ਇਨ੍ਹਾਂ ਦੋਵਾਂ ਕਲੱਬਾਂ ਵਿਚਾਲੇ ਕਰੀਬ 30 ਮੀਟਰ ਦੀ ਦੂਰੀ ਹੈ।
ਡੀਐਸਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਸਵੇਰੇ 3:25 ਵਜੇ ਸਾਨੂੰ ਕੰਟਰੋਲ ਰੂਮ ’ਤੇ ਨਿੱਜੀ ਸਮੱਸਿਆ ਬਾਰੇ ਸੂਚਨਾ ਮਿਲੀ ਸੀ। ਸਾਡੇ ਜਾਂਚ ਅਧਿਕਾਰੀ ਮੌਕੇ 'ਤੇ ਗਏ। ਉਥੇ ਕਲੱਬ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਪੁਲਸ ਬਿਆਨ ਦਰਜ ਕਰਨ ਤੋਂ ਬਾਅਦ ਮਾਮਲਾ ਦਰਜ ਕਰੇਗੀ।