ਪੰਜਾਬ 'ਚ ਜਲਦ ਹੀ ਬੁਲੇਟ ਟਰੇਨ ਸ਼ੁਰੂ ਹੋਣ ਜਾ ਰਹੀ ਹੈ। ਹੁਣ ਇਸ ਸਬੰਧੀ ਸਰਵੇਖਣ ਵੀ ਸ਼ੁਰੂ ਹੋ ਗਿਆ ਹੈ। ਇਸ ਹਾਈ ਸਪੀਡ ਰੇਲ ਲਾਈਨ ਲਈ ਸਰਵੇਖਣ ਦਾ ਕੰਮ ਦੋਵਾਂ ਰਾਜਾਂ ਵਿੱਚ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ 465 ਕਿਲੋਮੀਟਰ ਦਾ ਸਫ਼ਰ 2 ਘੰਟਿਆਂ ਵਿੱਚ ਪੂਰਾ ਹੋ ਜਾਵੇਗਾ। ਇਸ ਨਾਲ ਲੋਕਾਂ ਦਾ ਸਮਾਂ ਬਚੇਗਾ। ਇਹ ਰੇਲ ਗੱਡੀ ਦਿੱਲੀ, ਕੈਥਲ, ਜੀਂਦ, ਅੰਬਾਲਾ, ਚੰਡੀਗੜ੍ਹ, ਲੁਧਿਆਣਾ, ਜਲੰਧਰ ਤੋਂ ਹੁੰਦੀ ਹੋਈ ਅੰਮ੍ਰਿਤਸਰ ਪਹੁੰਚੇਗੀ।
ਇੱਕ ਘੰਟੇ 'ਚ ਕਟੜਾ ਪਹੁੰਚੇਗੀ ਟ੍ਰੇਨ
ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਕਟੜਾ ਤੱਕ ਦਾ 190 ਕਿਲੋਮੀਟਰ ਦਾ ਸਫਰ ਇੱਕ ਘੰਟੇ ਵਿੱਚ ਪੂਰਾ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਇਹ ਟਰੇਨ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਬਟਾਲਾ, ਗੁਰਦਾਸਪੁਰ, ਪਠਾਨਕੋਟ, ਸਾਂਬਾ, ਜੰਮੂ ਤੋਂ ਹੁੰਦੇ ਹੋਏ ਇੱਕ ਘੰਟੇ ਵਿੱਚ ਕਟੜਾ ਪਹੁੰਚੇਗੀ। ਇਸ ਦੀ ਵੱਧ ਤੋਂ ਵੱਧ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਜਦੋਂ ਕਿ ਸੰਚਾਲਨ ਦੀ ਸਪੀਡ 320 ਕਿਲੋਮੀਟਰ ਪ੍ਰਤੀ ਘੰਟਾ ਅਤੇ ਔਸਤ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
750 ਯਾਤਰੀ ਕਰ ਸਕਣਗੇ ਸਫ਼ਰ
ਇਸ ਟਰੇਨ 'ਚ 750 ਯਾਤਰੀਆਂ ਦੇ ਸਫ਼ਰ ਕਰਨ ਦੀ ਸਮਰੱਥਾ ਹੋਵੇਗੀ। ਇਨ੍ਹਾਂ ਟਰੇਨਾਂ ਦਾ ਟ੍ਰੈਕ ਐਲੀਵੇਟਿਡ, ਜ਼ਮੀਨਦੋਜ਼ ਅਤੇ ਜ਼ਮੀਨ 'ਤੇ ਵਿਛਾਇਆ ਜਾਵੇਗਾ। ਦੱਸ ਦੇਈਏ ਕਿ ਇਸ 'ਤੇ ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ 2017 ਵਿੱਚ ਉਨ੍ਹਾਂ ਦੀ ਮੰਗ ਤੋਂ ਬਾਅਦ 2020 ਵਿੱਚ ਟੈਂਡਰ ਕੱਢਿਆ ਗਿਆ ਸੀ ਅਤੇ ਹੁਣ ਇਹ ਕੰਮ ਸ਼ੁਰੂ ਹੋਣ ਜਾ ਰਿਹਾ ਹੈ।
343 ਪਿੰਡਾਂ ਦੀ ਜ਼ਮੀਨ ਐਕੁਆਇਰ ਕੀਤੀ ਜਾਵੇਗੀ
ਇਸ ਰੇਲਵੇ ਲਾਈਨ ਵਿੱਚ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੇ 343 ਪਿੰਡਾਂ ਦੀ ਜ਼ਮੀਨ ਐਕੁਆਇਰ ਕੀਤੀ ਜਾਵੇਗੀ, ਜਿਸ ਵਿੱਚ ਦਿੱਲੀ ਦੇ 22 ਅਤੇ ਹਰਿਆਣਾ ਦੇ 135 ਪਿੰਡ ਸ਼ਾਮਲ ਹੋਣਗੇ। ਜ਼ਮੀਨਾਂ ਐਕੁਆਇਰ ਕਰਨ ਤੋਂ ਬਾਅਦ ਸਰਕਾਰ ਇਸ ਪ੍ਰਾਜੈਕਟ 'ਚ ਤੇਜ਼ੀ ਲਿਆਵੇਗੀ। ਤਾਂ ਜੋ ਇਸ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾ ਸਕੇ।
ਇਸ ਪ੍ਰੋਜੈਕਟ ਵਿੱਚ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ 39, ਜਲੰਧਰ ਦੇ 49, ਲੁਧਿਆਣਾ ਦੇ 37, ਅੰਮ੍ਰਿਤਸਰ ਦੇ 22, ਫਤਿਹਗੜ੍ਹ ਸਾਹਿਬ ਦੇ 25, ਕਪੂਰਥਲਾ ਦੇ 12 ਅਤੇ ਤਰਨਤਾਰਨ ਅਤੇ ਰੂਪਨਗਰ ਜ਼ਿਲ੍ਹੇ ਦੇ ਇੱਕ-ਇੱਕ ਪਿੰਡ ਨੂੰ ਸ਼ਾਮਲ ਕੀਤਾ ਗਿਆ ਹੈ।