ਜਲੰਧਰ ਦੇ ਸੀਆਈਏ ਸਟਾਫ ਅਬਾਦਪੁਰਾ ਦੀ ਪੁਲਸ ਨੇ ਛਾਪਾ ਮਾਰ ਕੇ ਗੈਂਗਸਟਰ ਚਿੰਟੂ ਅਤੇ ਉਸ ਦੇ 3 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦੋਂ ਸੀਆਈਏ ਸਟਾਫ਼ ਦੀ ਪੁਲਸ ਗੈਂਗਸਟਰ ਚਿੰਟੂ ਨੂੰ ਗ੍ਰਿਫ਼ਤਾਰ ਕਰਨ ਗਈ ਤਾਂ ਮੁਲਜ਼ਮ ਚਿੰਟੂ ਨੇ ਅੱਗੇ ਤੋਂ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਪੁਲਸ ਨੇ ਵੀ ਜਵਾਬੀ ਫਾਇਰਿੰਗ ਕੀਤੀ। ਇਸ ਦੌਰਾਨ ਕਿਸੇ ਨੂੰ ਗੋਲੀ ਨਹੀਂ ਲੱਗੀ ਪਰ ਗੋਲੀ ਚਿੰਟੂ ਦੀ ਲੱਤ ਨੂੰ ਛੂਹ ਕੇ ਨਿਕਲ ਗਈ। ਜਿਸ ਕਾਰਨ ਉਹ ਮਾਮੂਲੀ ਜ਼ਖਮੀ ਹੋ ਗਿਆ। ਗੋਲੀਬਾਰੀ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਫੈਲ ਗਈ।
ਜਾਣਕਾਰੀ ਦਿੰਦਿਆਂ ਸੀ.ਆਈ.ਏ ਸਟਾਫ਼ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੈਂਗਸਟਰ ਚਿੰਟੂ ਬਾਰੇ ਗੁਪਤ ਸੂਚਨਾ ਮਿਲੀ ਸੀ ਅਤੇ ਉਹ ਅਬਾਦਪੁਰਾ ਸਥਿਤ ਆਪਣੇ ਦੋਸਤ ਸਾਜਨ ਦੇ ਘਰ ਬੈਠਾ ਸੀ। ਸੂਚਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਜਿਵੇਂ ਹੀ ਛਾਪਾ ਮਾਰਿਆ ਗਿਆ ਤਾਂ ਚਿੰਟੂ ਨੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਗੋਲੀਬਾਰੀ ਤੋਂ ਬਾਅਦ ਚਿੰਟੂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮਾਮਲੇ ਵਿੱਚ ਕੁਲ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਮੌਕੇ ਤੋਂ ਗੈਂਗਸਟਰ ਚਿੰਟੂ ਦੀ ਕਾਰ ਵੀ ਬਰਾਮਦ ਹੋਈ ਹੈ।
ਦੱਸ ਦੇਈਏ ਕਿ ਇਸ ਘਟਨਾਕ੍ਰਮ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ। ਪੂਰਾ ਇਲਾਕਾ ਪੁਲਸ ਛਾਉਣੀ ਵਿੱਚ ਤਬਦੀਲ ਹੋ ਗਿਆ ਸੀ।