ਜਲੰਧਰ ਦੇ ਫਿਲੌਰ ਤੋਂ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਲਿਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਚੰਨੀ ਵੱਲੋਂ ਬੀਬੀ ਜਗੀਰ ਕੌਰ ਨਾਲ ਕੀਤੀ ਸ਼ਰਮਨਾਕ ਹਰਕਤ ਖ਼ਿਲਾਫ਼ ਸਖ਼ਤ ਕਾਰਵਾਈ ਕਰੇ।
ਜਾਣੋ ਕੀ ਹੈ ਪੂਰਾ ਵਿਵਾਦ
ਦਰਅਸਲ, ਇਹ ਸਾਰਾ ਮਾਮਲਾ ਚੰਨੀ ਵੱਲੋਂ 10 ਮਈ ਨੂੰ ਜਲੰਧਰ ਵਿਚ ਨਾਮਜ਼ਦਗੀ ਭਰਨ ਦੌਰਾਨ ਹੋਇਆ ਸੀ। ਜਦੋਂ ਚੰਨੀ ਨਾਮਜ਼ਦਗੀ ਭਰਨ ਜਾ ਰਹੇ ਸਨ ਤਾਂ ਉਨ੍ਹਾਂ ਦੀ ਮੁਲਾਕਾਤ ਬੀਬੀ ਜਗੀਰ ਕੌਰ ਨਾਲ ਹੋਈ। ਇਸ ਦੌਰਾਨ ਦੋਵਾਂ ਆਗੂਆਂ ਵਿਚਾਲੇ ਗੱਲਬਾਤ ਹੋਈ ਅਤੇ ਚੰਨੀ ਨੇ ਬੀਬੀ ਜਗੀਰ ਕੌਰ ਦੀ ਠੋਡੀ ਨੂੰ ਛੂਹ ਲਿਆ। ਇਸ 'ਤੇ ਉਹ ਹੱਸ ਪਈ ਪਰ ਬਾਅਦ 'ਚ ਵਿਰੋਧੀ ਪਾਰਟੀਆਂ ਨੇ ਚੰਨੀ ਦੀ ਇਸ ਹਰਕਤ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਵਿਵਾਦ ਵਧ ਗਿਆ।
ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
ਇਸ ਮਾਮਲੇ ਨੂੰ ਲੈ ਕੇ ਮਹਿਲਾ ਕਮਿਸ਼ਨ ਨੇ ਅੱਜ ਖੁਦ ਚੰਨੀ ਦੀ ਵਾਇਰਲ ਹੋਈ ਵੀਡੀਓ 'ਤੇ ਨੋਟਿਸ ਲੈਂਦਿਆਂ ਕਿਹਾ ਕਿ ਚੰਨੀ ਦੇ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਮਹਿਲਾ ਕਮਿਸ਼ਨ ਨੇ ਡੀਜੀਪੀ ਗੌਰਵ ਯਾਦਵ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਮਹਿਲਾ ਕਮਿਸ਼ਨ ਨੂੰ ਕਾਰਵਾਈ ਕਰਨ ਲਈ ਕਿਹਾ ਹੈ ਤੇ ਭਲਕੇ 2 ਵਜੇ ਤੱਕ ਇਸ ਮਾਮਲੇ ਦੀ ਸਟੇਟਸ ਰਿਪੋਰਟ ਵੀ ਮੰਗੀ ਹੈ।
ਚੰਨੀ ਨੇ ਇਸ ਮਾਮਲੇ 'ਤੇ ਸਪੱਸ਼ਟੀਕਰਨ ਦਿੱਤਾ ਹੈ
ਇਸ ਪੂਰੇ ਮਾਮਲੇ 'ਤੇ ਚੰਨੀ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਚੰਨੀ ਨੇ ਕਿਹਾ ਕਿ ਉਸ ਦਾ ਅਤੇ ਬੀਬੀ ਜਗੀਰ ਕੌਰ ਦਾ ਭਰਾ-ਭੈਣ ਦਾ ਪੁਰਾਣਾ ਰਿਸ਼ਤਾ ਹੈ। ਅਸੀਂ ਦੋਵੇਂ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਾਂ। ਮੈਂ ਉਸ ਨੂੰ ਭੈਣ ਵਾਂਗ ਪਿਆਰ ਕਰਦਾ ਹਾਂ ਕਿਉਂਕਿ ਉਹ ਮੇਰੀ ਭੈਣ ਅਤੇ ਮਾਂ ਵਰਗੀ ਹੈ।