ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਨੇਡਾ ਦੇ ਬਰੈਂਪਟਨ ਸ਼ਹਿਰ 'ਚ ਹਿੰਦੂ ਸਭਾ ਮੰਦਰ ਬਾਹਰ ਹੋਈ ਹਿੰਸਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਕੈਨੇਡਾ ਦੋਵਾਂ ਸਰਕਾਰਾਂ ਨੂੰ ਅਜਿਹੀਆਂ ਹਿੰਸਕ ਘਟਨਾਵਾਂ ਨੂੰ ਰੋਕਣ ਲਈ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ।
ਕੈਨੇਡਾ ਵਿੱਚ ਜੋ ਕੁਝ ਹੋ ਰਿਹਾ ਹੈ ਉਹ ਨਿੰਦਣਯੋਗ
ਸੀਐਮ ਮਾਨ ਨੇ ਕਿਹਾ ਕਿ ਕੈਨੇਡਾ ਵਿੱਚ ਪਿਛਲੇ ਕੁਝ ਸਮੇਂ ਤੋਂ ਜੋ ਕੁਝ ਹੋ ਰਿਹਾ ਹੈ ਉਹ ਅਤਿ ਨਿੰਦਣਯੋਗ ਹੈ। ਪੰਜਾਬੀ ਕੈਨੇਡਾ ਨੂੰ ਆਪਣਾ ਦੂਜਾ ਘਰ ਸਮਝਦੇ ਹਨ। ਕੋਈ ਨਹੀਂ ਚਾਹੁੰਦਾ ਕਿ ਅਜਿਹੀਆਂ ਘਟਨਾਵਾਂ ਵਾਪਰਨ। ਬਰੈਂਪਟਨ ਵਿੱਚ ਜੋ ਹੋਇਆ ਉਹ ਬਿਲਕੁਲ ਠੀਕ ਨਹੀਂ ਹੋਇਆ। ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ।
ਦੋਵਾਂ ਦੇਸ਼ਾਂ ਨੂੰ ਇਸ ਮੁੱਦੇ 'ਤੇ ਗੱਲਬਾਤ ਕਰਨੀ ਚਾਹੀਦੀ ਹੈ
ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਦੋਵੇਂ ਦੇਸ਼ ਇਸ ਮੁੱਦੇ 'ਤੇ ਆਪਸ 'ਚ ਬੈਠ ਕੇ ਗੱਲ ਕਰਨ ਤਾਂ ਜੋ ਭਵਿੱਖ ਵਿੱਚ ਅਜਿਹਾ ਨਾ ਹੋ ਸਕੇ। ਅਸੀਂ ਲੋਕਾਂ ਦੀ ਭਲਾਈ ਚਾਹੁੰਦੇ ਹਾਂ। ਦੁਨੀਆਂ ਭਰ ਵਿੱਚ ਜਿੱਥੇ ਵੀ ਪੰਜਾਬੀ ਹਨ, ਉਹ ਬਹੁਤ ਸ਼ਾਂਤਮਈ ਹਨ ਅਤੇ ਬਾਹਰ ਜਾ ਕੇ ਸਖ਼ਤ ਮਿਹਨਤ ਕਰ ਰਹੇ ਹਨ।
ਦੋਵਾਂ ਦੇਸ਼ਾਂ ਦਰਮਿਆਨ ਚੰਗੇ ਸਬੰਧ ਬਣੇ ਰਹਿਣੇ ਚਾਹੀਦੇ ਹਨ
ਸੀ ਐਮ ਮਾਨ ਨੇ ਅੱਗੇ ਕਿਹਾ ਕਿ ਸਾਡੇ ਦੇਸ਼ ਵਿੱਚ ਹਰ ਦੂਜੇ-ਤੀਜੇ ਘਰ ਵਿਚੋਂ ਲੋਕ ਵਿਦੇਸ਼ਾਂ ਵਿੱਚ ਜਾ ਕੇ ਰਹਿ ਰਹੇ ਹਨ। ਕੈਨੇਡਾ ਇੱਕ ਦੂਜੇ ਘਰ ਵਾਂਗ ਹੈ। ਲੋਕ ਇੱਥੇ ਵਿਆਹ ਕਰਵਾਉਣ ਅਤੇ ਤਿਉਹਾਰ ਮਨਾਉਣ ਆਉਂਦੇ ਹਨ। ਇੱਥੋਂ ਦੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਦੋਵਾਂ ਦੇਸ਼ਾਂ ਦਰਮਿਆਨ ਚੰਗੇ ਸਬੰਧ ਬਣੇ ਰਹਿਣੇ ਚਾਹੀਦੇ ਹਨ।
ਘਟਨਾ 3 ਨਵੰਬਰ ਦੀ
ਦਰਅਸਲ, ਬਰੈਂਪਟਨ ਦੇ ਹਿੰਦੂ ਸਭਾ ਮੰਦਿਰ ਬਾਹਰ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਸ਼ਰਧਾਲੂਆਂ ਨੂੰ ਡੰਡਿਆਂ ਨਾਲ ਕੁੱਟਿਆ ਸੀ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਭਾਰਤੀ ਹਾਈ ਕਮਿਸ਼ਨ ਨੇ ਵੀ ਇਸ ਘਟਨਾ 'ਤੇ ਇਤਰਾਜ਼ ਪ੍ਰਗਟਾਇਆ ਸੀ ਅਤੇ ਚਿੰਤਾ ਵੀ ਜ਼ਾਹਰ ਕੀਤੀ ਸੀ।