ਪੰਜਾਬ 'ਚ ਅੱਜ ਸਵੇਰ ਦੀ ਸ਼ੁਰੂਆਤ ਠੰਢੀਆਂ ਹਵਾਵਾਂ ਨਾਲ ਹੋਈ। ਅਸਮਾਨ ਸਾਫ਼ ਹੁੰਦੇ ਹੀ ਤਾਪਮਾਨ ਵਧ ਗਿਆ ਅਤੇ ਲੋਕਾਂ ਨੂੰ ਗਰਮੀ ਮਹਿਸੂਸ ਹੋਣ ਲੱਗੀ। ਪੰਜਾਬ 'ਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 19 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਦੇ ਕਈ ਇਲਾਕਿਆਂ 'ਚ ਸਵੇਰੇ ਧੁੰਦ ਵੀ ਦੇਖਣ ਨੂੰ ਮਿਲੀ ਹੈ।
ਸਵੇਰ ਅਤੇ ਰਾਤ ਹੋਣ ਲੱਗੀ ਠੰਡ
ਪਿਛਲੇ 24 ਘੰਟਿਆਂ 'ਚ ਔਸਤ ਵੱਧ ਤੋਂ ਵੱਧ ਤਾਪਮਾਨ 'ਚ ਕੋਈ ਵੱਡਾ ਬਦਲਾਅ ਨਹੀਂ ਹੋਇਆ ਹੈ। ਇਹ ਆਮ ਨਾਲੋਂ 2.8 ਡਿਗਰੀ ਵੱਧ ਹੈ। ਹਾਲਾਂਕਿ ਹੁਣ ਰਾਤਾਂ ਠੰਡੀਆਂ ਹੋਣ ਲੱਗ ਪਈਆਂ ਹਨ। ਸੂਬੇ 'ਚ ਫਰੀਦਕੋਟ ਸਭ ਤੋਂ ਗਰਮ ਰਿਹਾ ਹੈ। ਇੱਥੇ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ ਹੈ।
ਹਵਾ ਪ੍ਰਦੂਸ਼ਣ ਵਧਾਈ ਚਿੰਤਾ
ਭਾਵੇਂ ਮੌਸਮ ਵਿੱਚ ਕੋਈ ਖਾਸ ਫਰਕ ਨਹੀਂ ਪਿਆ। ਪਰ ਪੰਜਾਬ ਵਿੱਚ ਹਵਾ ਪ੍ਰਦੂਸ਼ਣ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਸਵੇਰ ਵੇਲੇ, ਜਦੋਂ ਮੌਸਮ ਸਭ ਤੋਂ ਸਾਫ਼ ਹੁੰਦਾ ਹੈ, ਤਾਂ ਸੂਬੇ ਦੇ ਸ਼ਹਿਰਾਂ ਵਿੱਚ AQI 100 ਨੂੰ ਪਾਰ ਕਰ ਗਿਆ ਹੈ। ਜਲੰਧਰ AQI 169, ਮੰਡੀ ਗੋਬਿੰਦਗੜ੍ਹ AQI 211, ਬਠਿੰਡਾ AQI 123, ਖੰਨਾ AQI 136, ਲੁਧਿਆਣਾ AQI 155, ਪਟਿਆਲਾ AQI 154 ਅਤੇ ਰੂਪਨਗਰ AQI 144 ਹੈ। ਜਦੋਂ ਕਿ ਅੰਮ੍ਰਿਤਸਰ ਦਾ ਏਕਿਊਆਈ ਸਵੇਰੇ ਵੀ ਦੂਜੇ ਸ਼ਹਿਰਾਂ ਨਾਲੋਂ ਜ਼ਿਆਦਾ ਰਿਹਾ। ਅੰਮ੍ਰਿਤਸਰ 'ਚ AQI 260 ਦਰਜ ਕੀਤਾ ਗਿਆ।
ਹਵਾ ਦੀ ਗੁਣਵੱਤਾ ਖਰਾਬ ਹੋਣ ਦੇ ਬਾਵਜੂਦ ਵੀ ਪਰਾਲੀ ਸਾੜਨਾ ਬੰਦ ਨਹੀਂ ਹੋ ਰਿਹਾ। ਪਿਛਲੇ 24 ਘੰਟਿਆਂ ਦੌਰਾਨ 108 ਥਾਵਾਂ 'ਤੇ ਪਰਾਲੀ ਸਾੜੀ ਗਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਸਬੰਧੀ 397 ਨੋਡਲ ਅਫ਼ਸਰਾਂ ਅਤੇ ਨਿਗਰਾਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।