ਜਲੰਧਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਸਾਬਕਾ ਕਾਂਗਰਸੀ ਕੌਂਸਲਰ ਖ਼ਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਗਈ ਹੈ। ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸਾਬਕਾ ਕੌਂਸਲਰ ਜਗਦੀਸ਼ ਰਾਮ ਸਮਰਾਏ ਨੇ ਚੋਣ ਜ਼ਾਬਤੇ ਦੌਰਾਨ ਲੋਕਾਂ ਨੂੰ ਗੁੰਮਰਾਹ ਕਰਨ ਲਈ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਸੁਨੇਹੇ ਪਾਏ ਹਨ। ਆਗੂਆਂ ਦਾ ਕਹਿਣਾ ਹੈ ਕਿ ਸਮਰਾਏ ਨੇ ਆਪਣੀ ਪਾਰਟੀ ਨੂੰ ਗਲਤ ਤਰੀਕੇ ਨਾਲ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਹੈ।
ਕਾਂਗਰਸ ਪਾਰਟੀ ਦੇ ਸਾਬਕਾ ਕੌਂਸਲਰ ਜਗਦੀਸ਼ ਰਾਮ ਸਮਰਾਏ ਨੇ ਗਰੁੱਪ ਵਿੱਚ ਸਾਂਝੇ ਕੀਤੇ ਪੋਸਟਰ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਇਲਾਕੇ ਰਤਨ ਨਗਰ ਵਿੱਚ ਆਯੂਸ਼ਮਾਨ ਕਾਰਡ, ਆਭਾ ਕਾਰਡ, ਜ਼ੀਰੋ ਬੈਲੇਂਸ ਬੈਂਕ ਖਾਤਾ, ਐਲਆਈਸੀ ਪਾਲਿਸੀ, ਵੋਟਰ ਕਾਰਡ, ਆਧਾਰ ਕਾਰਡ ਅਤੇ ਹੋਰ ਕੰਮਾਂ ਲਈ ਕੈਂਪ ਲਗਾਇਆ ਹੋਇਆ ਹੈ। ਜੋ ਸਵੇਰੇ ਦਸ ਵਜੇ ਸ਼ੁਰੂ ਹੋ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸ਼ਿਕਾਇਤ ਜਲੰਧਰ ਦੇ ਚੋਣ ਅਧਿਕਾਰੀ ਕਮ ਡੀਸੀ ਹਿਮਾਂਸ਼ੂ ਅਗਰਵਾਲ ਨੂੰ ਦਿੱਤੀ ਗਈ ਹੈ।
ਭਾਜਪਾ ਨੇ ਕਿਹਾ ਕਿ ਇਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਹੈ ਜਿਸ ਦਾ ਸਿੱਧਾ ਅਸਰ ਜਨਤਾ 'ਤੇ ਪੈਂਦਾ ਹੈ। ਜਿਸ ਕਾਰਨ ਸਮਰਾਏ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਜਿਸ ਕੰਪਿਊਟਰ ਰਾਹੀਂ ਉਕਤ ਸਰਕਾਰੀ ਦਸਤਾਵੇਜ ਗੈਰ-ਕਾਨੂੰਨੀ ਢੰਗ ਨਾਲ ਪ੍ਰਾਈਵੇਟ ਵਿਅਕਤੀਆਂ ਵੱਲੋਂ ਬਿਨਾਂ ਆਗਿਆ ਤੋਂ ਤਿਆਰ ਕੀਤੇ ਜਾ ਰਹੇ ਹਨ, ਉਸ ਨੂੰ ਵੀ ਜ਼ਬਤ ਕੀਤਾ ਜਾਵੇ ਤਾਂ ਹੀ ਨਿਰਪੱਖ ਚੋਣਾਂ ਹੋ ਸਕਦੀਆਂ ਹਨ।