DAV ਕਾਲਜ ਜਲੰਧਰ ਦੀ ਸਟੂਡੈਂਟ ਐਡਵਾਈਜ਼ਰੀ ਐਂਡ ਵੈਲਫੇਅਰ ਕੌਂਸਲ ਨੇ ਟੀਮ ਇੰਡੀਆ ਦੇ ਸਮਰਥਨ 'ਚ ਕਾਲਜ ਕੈਂਪਸ ਵਿਚ ਦਸਤਖਤ ਮੁਹਿੰਮ ਦਾ ਆਯੋਜਨ ਕੀਤਾ। ਇਸ ਦੌਰਾਨ ਪ੍ਰਿੰਸੀਪਲ ਡਾ: ਰਾਜੇਸ਼ ਕੁਮਾਰ ਨੇ “ਵਿਜੈ ਭਵ” ਦਾ ਸੰਦੇਸ਼ ਦਿੰਦਿਆਂ ਹੋਇਆਂ ਟੀਮ ਇੰਡੀਆ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਜਿਵੇਂ ਹੀ ਭਾਰਤ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਵਿੱਚ ਪ੍ਰਵੇਸ਼ ਕੀਤਾ, ਡੀਏਵੀ ਕਾਲਜ, ਜਲੰਧਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਕਾਲਜ ਦੀ ਸਟੂਡੈਂਟ ਐਡਵਾਈਜ਼ਰੀ ਐਂਡ ਵੈਲਫੇਅਰ ਕੌਂਸਲ ਵੱਲੋਂ ਚਲਾਈ ਗਈ ਦਸਤਖਤ ਮੁਹਿੰਮ 'ਆਲ ਦ ਬੈਸਟ ਟੀਮ ਇੰਡੀਆ' ਵਿੱਚ ਵੱਡੀ ਗਿਣਤੀ ਵਿੱਚ ਭਾਗ ਲਿਆ ਤੇ ਟੀਮ ਇੰਡੀਆ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਟੀਮ ਇੰਡੀਆ ਲਈ "ਵਿਜੈ ਭਵ" ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ਆਸਟ੍ਰੇਲੀਅਨ ਟੀਮ ਨੂੰ ਹਰਾ ਕੇ ਤੀਜੀ ਵਾਰ ਚੈਂਪੀਅਨ ਬਣੇਗੀ ਤੇ ਇਤਿਹਾਸ ਸਿਰਜੇਗੀ।ਇਸ ਵਾਰ ਟੀਮ ਇੰਡੀਆ ਅਜਿੱਤ ਰਹੀ ਹੈ ਅਤੇ ਮੈਨੂੰ ਭਰੋਸਾ ਹੈ ਕਿ ਸਾਡੀ ਟੀਮ ਯਕੀਨੀ ਤੌਰ 'ਤੇ ਪੂਰੇ ਭਾਰਤ ਨੂੰ ਮਾਣ ਮਹਿਸੂਸ ਕਰਨ ਦਾ ਮੌਕਾ ਦੇਵੇਗੀ।
ਇਸ ਦਸਤਖਤ ਮੁਹਿੰਮ ਦੀ ਸ਼ੁਰੂਆਤ ਕਾਲਜ ਦੇ ਸੀਨੀਅਰ ਵਾਈਸ ਪਿ੍ੰਸੀਪਲ ਪ੍ਰੋ: ਸਲਿਲ ਕੁਮਾਰ ਉੱਪਲ ਨੇ ਆਪਣੀਆਂ ਸ਼ੁੱਭ ਇੱਛਾਵਾਂ ਲਿਖ ਕੇ ਕੀਤੀ। ਪ੍ਰੋ: ਉੱਪਲ ਨੇ ਕਿਹਾ ਕਿ ਇਸ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ, ਉਸ ਤੋਂ ਸਾਨੂੰ ਪੂਰੀ ਉਮੀਦ ਹੈ ਕਿ ਭਾਰਤ 2023 ਦਾ ਵਿਸ਼ਵ ਚੈਂਪੀਅਨ ਬਣੇਗਾ।
ਸਟੂਡੈਂਟ ਕੌਂਸਲ ਦੇ ਡੀਨ ਪ੍ਰੋ. ਮਨੀਸ਼ ਖੰਨਾ ਨੇ ਕਿਹਾ ਕਿ ਇਸ ਹਸਤਾਖਰ ਮੁਹਿੰਮ ਰਾਹੀਂ ਅਸੀਂ ਭਾਰਤੀ ਕ੍ਰਿਕਟ ਟੀਮ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜ ਰਹੇ ਹਾਂ ਤਾਂ ਜੋ ਇਹ ਫਾਈਨਲ ਮੈਚ ਜਿੱਤ ਕੇ ਇਤਿਹਾਸ ਰਚ ਸਕੇ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦੀ ਤਰ੍ਹਾਂ ਪੂਰਾ ਕਾਲਜ ਵੀ ਫਾਈਨਲ ਮੈਚ ਨੂੰ ਲੈ ਕੇ ਉਤਸ਼ਾਹ ਨਾਲ ਭਰਿਆ ਹੋਇਆ ਹੈ ਅਤੇ ਅਸੀਂ ਭਾਰਤੀ ਟੀਮ ਦੀ ਜਿੱਤ ਦੀ ਕਾਮਨਾ ਕਰਦੇ ਹਾਂ।