ਦੀਵਾਲੀ ਅਤੇ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਲੁਧਿਆਣਾ ਪੁਲਸ ਚੌਕਸ ਹੈ ਅਤੇ ਲਗਾਤਾਰ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਬੀਤੀ ਦੇਰ ਰਾਤ ਪੰਜਾਬ ਦੇ ਡੀਜੀਪੀ ਖੁਦ ਲੁਧਿਆਣਾ ਦੇ ਸਾਹਨੇਵਾਲ ਇਲਾਕੇ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੇ ਥਾਣੇ ਦਾ ਦੌਰਾ ਕਰ ਕੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਮੁਲਾਜ਼ਮਾਂ ਦਾ ਹੌਸਲਾ ਵਧਾਇਆ।
ਨਾਕਾਬੰਦੀ ਦੀ ਕੀਤੀ ਚੈਕਿੰਗ
ਇਸ ਦੌਰਾਨ ਡੀਜੀਪੀ ਯਾਦਵ ਦੇ ਨਾਲ ਲੁਧਿਆਣਾ ਦੇ ਪੁਲਸ ਕਮਿਸ਼ਨਰ ਕੁਲਦੀਪ ਚਾਹਲ, ਡੀਸੀਪੀ ਦਿਹਾਤੀ ਜਸਕਿਰਨਜੀਤ ਸਿੰਘ ਤੇਜਾ ਵੀ ਮੌਜੂਦ ਸਨ। ਇਸ ਦੌਰਾਨ ਡੀਜੀਪੀ ਗੌਰਵ ਯਾਦਵ ਚੰਡੀਗੜ੍ਹ ਰੋਡ ’ਤੇ ਸਥਿਤ ਨਾਕੇ ’ਤੇ ਪੁੱਜੇ। ਉਥੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਡੀਜੀਪੀ ਯਾਦਵ ਨੇ ਆਮ ਲੋਕਾਂ ਨਾਲ ਕੀਤੀ ਗੱਲਬਾਤ
ਡੀਜੀਪੀ ਯਾਦਵ ਨੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਦੇ ਰਜਿਸਟਰ ਚੈੱਕ ਕੀਤੇ ਅਤੇ ਆਮ ਲੋਕਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੂੰ ਪੁੱਛਿਆ ਕਿ ਕੀ ਕਿਸੇ ਨੇ ਤੁਹਾਡੇ ਨਾਲ ਬੁਰਾ ਵਿਵਹਾਰ ਤਾਂ ਨਹੀਂ ਕੀਤਾ ? ਪੁਲਸ ਮੁਲਾਜ਼ਮਾਂ ਨੇ ਡੀਜੀਪੀ ਯਾਦਵ ਨੂੰ ਅਪਰਾਧੀਆਂ ਨੂੰ ਨਕੇਲ ਪਾਉਣ ਸਬੰਧੀ ਇਕ ਐਪ ਬਾਰੇ ਵੀ ਜਾਣਕਾਰੀ ਦਿੱਤੀ। ਡੀਜੀਪੀ ਯਾਦਵ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਵਿਸ਼ੇਸ਼ ਚੈਕਿੰਗ ਜਾਰੀ ਰਹੇਗੀ। ਇਸ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਚੰਡੀਗੜ੍ਹ ਲਈ ਰਵਾਨਾ ਹੋ ਗਏ।