ਲੁਧਿਆਣਾ ਵਿਖੇ ਸੂਟਕੇਸ 'ਚੋਂ ਟੁਕੜਿਆਂ 'ਚ ਕੱਟੀ ਹੋਈ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਹੈ। ਜਾਣਕਾਰੀ ਮੁਤਾਬਕ ਗਸ਼ਤ ਦੌਰਾਨ ਰੇਲਵੇ ਕਰਮਚਾਰੀ ਨੂੰ ਪਲਾਸਟਿਕ ਦੇ ਲਿਫਾਫੇ 'ਚ ਇਕ ਵਿਅਕਤੀ ਦੀਆਂ ਕੱਟੀਆਂ ਲੱਤਾਂ ਪਈਆਂ ਮਿਲਿਆ, ਜਿਸ ਤੋਂ ਬਾਅਦ ਉਸ ਨੇ ਆਰ.ਪੀ.ਐੱਫ. ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ 'ਤੇ ਜਿਵੇਂ ਹੀ ਆਰਪੀਐਫ ਅਤੇ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਉਨ੍ਹਾਂ ਨੂੰ ਕੱਟੀਆਂ ਲੱਤਾਂ ਤੋਂ ਬਾਅਦ ਪੁਲ ਦੇ ਉੱਪਰੋਂ ਇੱਕ ਸੂਟਕੇਸ ਮਿਲਿਆ, ਜਿਸ ਵਿੱਚ ਵਿਅਕਤੀ ਦੇ ਸਰੀਰ ਦੇ ਹੋਰ ਅੰਗ ਸਨ।
ਪੁਲਿਸ ਸੀਸੀਟੀਵੀ ਕਰ ਰਹੀ ਚੈੱਕ
ਪੁਲਿਸ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਕਾਤਲ ਨੇ ਵਿਅਕਤੀ ਦਾ ਕਤਲ ਕਰਨ ਤੋਂ ਬਾਅਦ ਉਸ ਦੇ ਟੁਕੜੇ-ਟੁਕੜੇ ਕਰ ਕੇ ਪੁਲ ਤੋਂ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ ਹੈ। ਪਰ ਉਹ ਸੂਟਕੇਸ ਨਾ ਸੁੱਟ ਸਕਿਆ। ਪੁਲਿਸ ਨੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।
ਵਿਅਕਤੀ ਦੀ ਪਛਾਣ ਨਹੀਂ ਹੋ ਸਕੀ
ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਬੁਰੀ ਹਾਲਤ 'ਚ ਮਿਲੀ ਸੀ ਅਤੇ ਮ੍ਰਿਤਕ ਦਾ ਸਿਰ ਲਾਸ਼ ਤੋਂ ਵੱਖ ਕੀਤਾ ਹੋਇਆ ਮਿਲਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਫਿਲਹਾਲ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।