ਜਲੰਧਰ 'ਚ ਹਰ ਰੋਜ਼ ਲੁੱਟ-ਖੋਹ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਜਲੰਧਰ ਦੇ ਸੈਂਟਰਲ ਟਾਊਨ ਤੋਂ ਸਾਹਮਣੇ ਆਇਆ ਹੈ, ਜਿੱਥੇ ਦੋ ਲੁਟੇਰਿਆਂ ਨੇ ਇੱਕ ਈ-ਰਿਕਸ਼ਾ ਚਾਲਕ ਨੂੰ ਦਾਤ ਦੀ ਨੋਕ 'ਤੇ ਲੁੱਟ ਲਿਆ। ਲੁਟੇਰੇ ਈ-ਰਿਕਸ਼ਾ ਚਾਲਕ ਤੋਂ 1200 ਰੁਪਏ ਲੁੱਟ ਕੇ ਫਰਾਰ ਹੋ ਗਏ।
ਘਟਨਾ CCTV 'ਚ ਕੈਦ
ਇਹ ਘਟਨਾ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ ਫੁਟੇਜ ਵਿੱਚ ਦਿਖ ਰਿਹਾ ਹੈ ਕਿ ਗੁਲਾਬੀ ਅਤੇ ਨੀਲੇ ਰੰਗ ਦੀ ਟੀ-ਸ਼ਰਟ ਪਹਿਨੇ ਦੋ ਵਿਅਕਤੀ ਇੱਕ ਈ-ਰਿਕਸ਼ਾ ਚਾਲਕ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਇੱਕ ਆਦਮੀ ਅਤੇ ਇੱਕ ਲੜਕਾ ਘਰ ਤੋਂ ਬਾਹਰ ਆ ਕੇ ਉਸ ਦੀ ਮਦਦ ਕਰਨ ਲਈ ਆਏ। ਇਸ ਦੌਰਾਨ ਨੀਲੇ ਰੰਗ ਦੀ ਟੀ-ਸ਼ਰਟ ਪਹਿਨੇ ਇਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਉਨ੍ਹਾਂ ਨੂੰ ਭਜਾ ਦਿੱਤਾ। ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਈ-ਰਿਕਸ਼ਾ 'ਚ ਸਵਾਰ ਹੋ ਕੇ ਅੱਗੇ ਚਲਾ ਗਿਆ।
ਕੁੱਟ-ਮਾਰ ਕਰ ਕੇ ਈ-ਰਿਕਸ਼ਾ ਚਾਲਕ ਤੋਂ ਪੈਸੇ ਖੋਹ ਲਏ
ਪੀੜਤ ਈ-ਰਿਕਸ਼ਾ ਚਾਲਕ ਨੇ ਦੱਸਿਆ ਕਿ ਉਸ ਨੂੰ ਲੁੱਟਣ ਵਾਲੇ ਦੋ ਵਿਅਕਤੀ ਆਟੋ ਵਿੱਚ ਉਸ ਦਾ ਪਿੱਛਾ ਕਰ ਰਹੇ ਸਨ। ਉਹ ਦੋਵੇਂ ਮੈਨੂੰ ਗਲੀ ਵਿਚ ਲੈ ਗਏ ਅਤੇ ਉਨ੍ਹਾਂ ਨੇ ਦਾਤ ਕੱਢ ਕੇ ਮੇਰੀ ਗਰਦਨ 'ਤੇ ਰੱਖ ਦਿੱਤਾ ਅਤੇ ਮੇਰੇ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੇ ਕੋਲੋਂ ਸਾਰੇ ਪੈਸੇ ਖੋਹ ਲਏ, ਜੋ ਕਿ 1200 ਰੁਪਏ ਸਨ। ਇਸ ਤੋਂ ਬਾਅਦ ਉਹ ਰਿਕਸ਼ੇ ਦੀ ਬੈਟਰੀ ਵੇਚਣ ਲਈ ਲੈ ਕੇ ਜਾ ਰਹੇ ਸਨ ਅਤੇ ਕਿਹਾ ਕਿ ਤੈਨੂੰ ਮਾਰ ਦੇਵਾਂਗੇ। ਕਿਸੇ ਤਰ੍ਹਾਂ ਮੈਂ ਉਨ੍ਹਾਂ ਤੋਂ ਪਿੱਛਾ ਛੁਡਾਇਆ।
ਪੁਲਸ ਕਰ ਰਹੀ ਮਾਮਲੇ ਦੀ ਜਾਂਚ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਸੈਂਟਰਲ ਟਾਊਨ ਦੀ ਗਲੀ ਨੰਬਰ 3 ਵਿੱਚ ਦੋ ਲੁਟੇਰਿਆਂ ਨੇ ਇੱਕ ਈ-ਰਿਕਸ਼ਾ ਚਾਲਕ ਨੂੰ ਲੁੱਟ ਲਿਆ। ਉਸ ਤੋਂ ਪੈਸੇ ਲੈ ਲਏ ਹਨ। ਅਸੀਂ ਸੀਸੀਟੀਵੀ ਸਕੈਨ ਕਰ ਰਹੇ ਹਾਂ ਅਤੇ ਮਾਮਲੇ ਵਿੱਚ ਅਗਲੇਰੀ ਕਾਰਵਾਈ ਕਰ ਰਹੇ ਹਾਂ।