ਪਾਵਰਕੌਮ ਨੇ ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਜਿਸ ਕਾਰਨ ਇਸ ਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਜੇਬਾਂ 'ਤੇ ਪਵੇਗਾ। ਬਿਜਲੀ ਦੀਆਂ ਨਵੀਆਂ ਦਰਾਂ 16 ਜੂਨ ਤੋਂ ਲਾਗੂ ਹੋਣਗੀਆਂ। ਹਾਲਾਂਕਿ ਆਮ ਲੋਕਾਂ ਨੂੰ ਸਰਕਾਰ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਮਿਲਦੀ ਰਹੇਗੀ।
10 ਤੋਂ 12 ਪੈਸੇ ਵਧੀ ਘਰੇਲੂ ਬਿਜਲੀ
ਜਾਣਕਾਰੀ ਅਨੁਸਾਰ ਪਾਵਰਕੌਮ ਨੇ 2 ਕਿਲੋਵਾਟ ਤੱਕ ਦੀ ਘਰੇਲੂ ਬਿਜਲੀ ਦੀ ਕੀਮਤ ਵਿੱਚ 10 ਪੈਸੇ ਦਾ ਵਾਧਾ ਕੀਤਾ ਹੈ। ਜਦਕਿ 2 ਤੋਂ 7 ਕਿਲੋਵਾਟ 'ਤੇ ਇਸ 'ਚ 10 ਤੋਂ 12 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ। 7 ਤੋਂ 100 ਕਿਲੋਵਾਟ ਦਰਮਿਆਨ ਘਰੇਲੂ ਬਿਜਲੀ ਦੀਆਂ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਵਪਾਰੀਆਂ ਅਤੇ ਕਿਸਾਨਾਂ ਨੂੰ ਵੀ ਝਟਕਾ
ਇਸ ਦੇ ਨਾਲ ਪੰਜਾਬ ਦੇ ਵਪਾਰੀਆਂ ਅਤੇ ਕਿਸਾਨਾਂ ਨੂੰ ਵੀ ਪਾਵਰਕੌਮ ਨੇ ਬਿਜਲੀ ਦੇ ਝਟਕਾ ਦਿੱਤਾ ਹੈ । ਉਦਯੋਗਾਂ ਲਈ 20 ਤੋਂ 100 ਕਿਲੋਵਾਟ ਦੀ ਦਰ ਵਿੱਚ 15 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ। ਜਦੋਂ ਕਿ ਟਿਊਬਵੈੱਲ ਕੁਨੈਕਸ਼ਨ ਦੇ ਰੇਟਾਂ ਵਿੱਚ ਵੀ 15 ਪੈਸੇ ਦਾ ਵਾਧਾ ਕੀਤਾ ਗਿਆ ਹੈ।
ਨੁਕਸਾਨ ਦਾ ਲਗਾਇਆ ਅਨੁਮਾਨ
ਬਿਜਲੀ ਦਰਾਂ ਨੂੰ ਵਧਾਉਣ ਦਾ ਕਾਰਨ PSPCL ਦਾ ਵਿੱਤੀ ਘਾਟਾ ਦੱਸਿਆ ਜਾ ਰਿਹਾ ਹੈ। PSPCL ਨੇ ਸਾਲ 2024-25 ਵਿੱਚ 5419.82 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਹੈ | ਦੱਸ ਦੇਈਏ ਕਿ 300 ਯੂਨਿਟ ਮੁਫਤ ਬਿਜਲੀ ਮਿਲਦੀ ਰਹੇਗੀ।