ਪੰਜਾਬ ਵਿੱਚ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦੂਜੇ ਦਿਨ ਵੀ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨਾਲ ਮੀਟਿੰਗ ਕਰ ਕੇ ਜਲੰਧਰ ਲਈ ਸਹਿਮਤੀ ਬਣ ਗਈ ਸੀ ਪਰ ਹੁਸ਼ਿਆਰਪੁਰ ਪ੍ਰਸ਼ਾਸਨ ਨਾਲ ਉਨ੍ਹਾਂ ਦੀ ਸਹਿਮਤੀ ਨਹੀਂ ਬਣੀ। ਜਿਸ ਕਾਰਨ ਅੱਜ ਕਿਸਾਨਾਂ ਨੇ ਜਲੰਧਰ-ਫਗਵਾੜਾ ਹਾਈਵੇਅ ਸ਼ੂਗਰ ਮਿੱਲ ਚੌਕ 'ਤੇ ਦੂਜੇ ਦਿਨ ਧਰਨਾ ਦਿੱਤਾ।
ਜਲੰਧਰ-ਫਗਵਾੜਾ ਹਾਈਵੇਅ ਸ਼ੂਗਰ ਮਿੱਲ ਚੌਂਕ ਵਿਖੇ ਧਰਨੇ ਕਾਰਨ ਹਾਈਵੇਅ ਪੂਰੀ ਤਰ੍ਹਾਂ ਜਾਮ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨਾਂ ਨੇ ਕੱਲ੍ਹ ਦੋ ਥਾਵਾਂ ’ਤੇ ਧਰਨਾ ਦਿੱਤਾ, ਜਿੱਥੇ ਉਨ੍ਹਾਂ 10 ਵਜੇ ਤੋਂ ਹਾਈਵੇਅ ਦੀ ਆਵਾਜਾਈ ਠੱਪ ਕਰ ਦਿੱਤੀ। ਸਭ ਤੋਂ ਪਹਿਲਾਂ 10 ਵਜੇ ਧੰਨੋਵਾਲੀ ਰੇਲਵੇ ਫਾਟਕ ਦੇ ਸਾਹਮਣੇ ਹਾਈਵੇਅ ਨੂੰ ਬੰਦ ਕਰ ਕੇ ਧਰਨਾ ਸ਼ੁਰੂ ਕੀਤਾ ਗਿਆ। ਇਸ ਤੋਂ ਬਾਅਦ 11 ਵਜੇ ਫਗਵਾੜਾ ਦੀ ਖੰਡ ਮਿੱਲ ਅੱਗੇ ਧਰਨਾ ਦਿੱਤਾ ਗਿਆ। ਦੱਸ ਦੇਈਏ ਕਿ ਮੌਕੇ 'ਤੇ ਪੁਲਸ ਵੀ ਮੌਜੂਦ ਸੀ। ਜੋ ਟਰੈਫਿਕ ਨੂੰ ਦੂਜੇ ਪਾਸੇ ਤੋਂ ਡਾਇਵਰਟ ਕਰਦੀ ਰਹੀ।