ਦਿੱਲੀ ਮਾਰਚ ਨੂੰ ਲੈ ਕੇ ਇੱਕ ਦਿਨ ਦੇ ਵਿਰਾਮ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਨੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਸੱਦਾ ਨਾ ਦਿੱਤਾ ਗਿਆ ਤਾਂ ਭਲਕੇ 8 ਦਸੰਬਰ ਨੂੰ 101 ਕਿਸਾਨਾਂ ਦਾ ਜਥਾ ਮੁੜ ਦਿੱਲੀ ਵੱਲ ਮਾਰਚ ਕਰੇਗਾ। ਪੰਧੇਰ ਨੇ ਕਿਹਾ ਕਿ ਅਸੀਂ ਸਿਰਫ਼ ਸਰਕਾਰ ਦੇ ਸੱਦੇ ਦੀ ਉਡੀਕ ਕਰ ਰਹੇ ਹਾਂ।
ਦੱਸ ਦੇਈਏ ਕਿ 6 ਦਸੰਬਰ ਨੂੰ ਦਿੱਲੀ ਕੂਚ ਦੇ ਐਲਾਨ ਤੋਂ ਬਾਅਦ ਕਿਸਾਨਾਂ ਦੇ ਪਹਿਲੇ ਜੱਥੇ ਨੇ ਸ਼ੰਭੂ ਬਾਰਡਰ ਤੋਂ ਕੂਚ ਕੀਤਾ ਸੀ ਪਰ ਢਾਈ ਘੰਟੇ ਦੀ ਖਿੱਚੋਤਾਣ ਮਗਰੋਂ ਕਿਸਾਨਾਂ ਨੇ ਜੱਥੇ ਨੂੰ ਵਾਪਸ ਬੁਲਾ ਲਿਆ ਸੀ। ਇਸ ਸਭ ਤੋਂ ਬਾਅਦ ਕਿਸਾਨਾਂ ਨੇ ਅੱਜ ਅੰਦੋਲਨ ਦੀ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ।
ਜ਼ਖਮੀ ਹੋਏ ਕਿਸਾਨ ਹਸਪਤਾਲ ਵਿਚ ਦਾਖਲ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿ ਕੱਲ੍ਹ ਫਿਰ 101 ਕਿਸਾਨਾਂ ਦਾ ਜਥਾ ਜਾਏਗਾ। ਸ਼ੰਭੂ ਬਾਰਡਰ ਤੋਂ 12 ਵਜੇ ਇਹ ਜਥਾ ਰਵਾਨਾ ਹੋਵੇਗਾ। ਪੰਧੇਰ ਨੇ ਕਿਹਾ ਕਿ ਸਰਕਾਰ ਗੱਲਬਾਤ ਲਈ ਤਿਆਰ ਨਹੀਂ ਹੈ, ਨਾਲ ਹੀ ਪੰਧੇਰ ਨੇ ਦੱਸਿਆ ਕਿ ਬੀਤੇ ਕੱਲ੍ਹ ਦੇ ਜਥੇ ਵਿਚ ਜ਼ਖਮੀ ਹੋਏ ਕਿਸਾਨਾਂ ਵਿਚੋਂ 16 ਕਿਸਾਨ ਅਜੇ ਵੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਪੁਲਸ ਨੇ ਅੱਥਰੂ ਗੈਸ ਦੇ ਗੋਲੇ ਸੁੱਟੇ
ਬੀਤੇ ਦਿਨੀਂ ਦਿੱਲੀ ਲਈ ਰਵਾਨਾ ਹੋਣ ਤੋਂ ਕਰੀਬ ਇਕ ਘੰਟੇ ਬਾਅਦ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਇਸ ਕਾਰਨ ਇੱਕ ਕਿਸਾਨ ਦੀ ਸਿਹਤ ਵਿਗੜ ਗਈ। ਜਿਸ ਤੋਂ ਬਾਅਦ ਕਿਸਾਨ ਥੋੜ੍ਹਾ ਪਿੱਛੇ ਹਟ ਗਏ। ਕਿਸਾਨਾਂ ਉਤੇ ਮਿਰਚਾਂ ਵਾਲੀ ਸਪਰੇਅ ਵੀ ਛਿੜਕੀ ਗਈ। ਇਸ ਦੇ ਨਾਲ ਹੀ ਬੈਰੀਕੇਡ, ਕੰਡਿਆਲੀ ਤਾਰ ਰਾਹੀਂ ਕਿਸਾਨਾਂ ਨੂੰ ਪੈਦਲ ਵੀ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ।
ਸ਼ਾਂਤੀਪੂਰਨ ਤਰੀਕੇ ਨਾਲ ਦਿੱਲੀ ਜਾਣਾ ਚਾਹੁੰਦੇ ਹਾਂ - ਪੰਧੇਰ
ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਕਿ ਅਸੀਂ ਸ਼ਾਂਤੀ ਨਾਲ ਜਾਣਾ ਚਾਹੁੰਦੇ ਸੀ। ਉਹ ਸਾਨੂੰ ਜੰਤਰ-ਮੰਤਰ ਜਾਂ ਰਾਮਲੀਲਾ ਮੈਦਾਨ ਵਿੱਚ ਥਾਂ ਦੇ ਦਿੰਦੇ। ਅਸੀਂ ਉੱਥੇ ਆਪਣੇ ਵਿਚਾਰ ਪ੍ਰਗਟ ਕਰ ਸਕੀਏ। ਸਾਰੀ ਦੁਨੀਆ ਦੇਖ ਰਹੀ ਹੈ ਕਿ ਸਾਡੇ ਨਾਲ ਕੀ ਕੀਤਾ ਜਾ ਰਿਹਾ ਹੈ। ਅਸੀਂ ਅੱਗੇ ਵਧਾਂਗੇ, ਸਾਨੂੰ ਉਮੀਦ ਹੈ ਕਿ ਸਰਕਾਰ ਗੱਲਬਾਤ ਦਾ ਰਾਹ ਖੋਲ੍ਹੇਗੀ। ਅਸੀਂ ਹੁਣ ਇੰਤਜ਼ਾਰ ਕਰ ਰਹੇ ਹਾਂ।
ਅੰਬਾਲਾ 'ਚ 9 ਦਸੰਬਰ ਤੱਕ ਇੰਟਰਨੈੱਟ ਬੰਦ
ਇਸ ਦੇ ਨਾਲ ਹੀ ਹਰਿਆਣਾ ਸਰਕਾਰ ਨੇ ਅੰਬਾਲਾ 'ਚ ਸ਼ੰਭੂ ਸਰਹੱਦ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੇ ਹੁਕਮ ਦਿੱਤੇ ਹਨ। ਡੰਡੇਹਰੀ, ਲੋਹਗੜ੍ਹ, ਮਾਣਕਪੁਰ, ਡਡਿਆਣਾ ਮਾੜੀ ਘੱਲ, ਲਹਾਰਸਾ, ਕਾਲੂ ਮਾਜਰਾ, ਦੇਵੀਨਗਰ, ਸੁਲਤਾਨਪੁਰ, ਸੱਦੋਪੁਰ ਅਤੇ ਕੱਕੜ ਪਿੰਡਾਂ ਵਿੱਚ ਇੰਟਰਨੈੱਟ ਸੇਵਾਵਾਂ 9 ਦਸੰਬਰ ਤੱਕ ਬੰਦ ਰਹਿਣਗੀਆਂ।