ਲੁਧਿਆਣਾ ਦੇ ਚੰਡੀਗੜ੍ਹ ਰੋਡ 'ਤੇ ਇੱਕ ਮਹਿਲਾ ਜਿੰਮ ਮੈਨੇਜਰ ਨਾਲ ਛੇੜਛਾੜ ਦੀ ਘਟਨਾ ਸਾਹਮਣੇ ਆਈ ਹੈ। ਰੈਸਟ ਰੂਮ ਵਿੱਚ ਜਿੰਮ ਦੇ ਫਲੋਰ ਮੈਨੇਜਰ ਵੱਲੋਂ ਔਰਤ ਨਾਲ ਛੇੜਛਾੜ ਕੀਤੀ ਗਈ। ਛੇੜਛਾੜ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਜਿਸ ਵਿੱਚ ਫਲੋਰ ਮੈਨੇਜਰ ਵੀ ਔਰਤ ਨੂੰ ਥੱਪੜ ਮਾਰਦਾ ਨਜ਼ਰ ਆ ਰਿਹਾ ਹੈ।
ਪੁਲਸ ਨੂੰ ਸ਼ਿਕਾਇਤ ਕਰਨ 'ਤੇ ਦਿੱਤੀ ਧਮਕੀ
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਔਰਤ ਨੇ ਕਿਹਾ ਕਿ ਛੇੜਛਾੜ ਕਰਕੇ ਉਸ ਨੇ ਜਿੰਮ 'ਚ ਨੌਕਰੀ ਛੱਡ ਦਿੱਤੀ ਸੀ। ਨੌਕਰੀ ਛੱਡਣ ਤੋਂ ਬਾਅਦ ਵੀ ਉਹ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਰਿਹਾ। ਜਦੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਉਸਨੇ ਕੇਸ ਵਾਪਸ ਨਾ ਲੈਣ ਦੀ ਸੂਰਤ ਵਿੱਚ ਖੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ। ਫਿਲਹਾਲ ਦੋਸ਼ੀ ਫਰਾਰ ਹੈ।
ਛੇੜਛਾੜ ਦਾ ਵਿਰੋਧ ਕੀਤਾ ਤਾਂ ਮਾਰਿਆ ਥੱਪੜ
ਔਰਤ ਨੇ ਪੁਲਿਸ ਨੂੰ ਦੱਸਿਆ ਕਿ 15 ਜਨਵਰੀ 2023 ਤੋਂ 11 ਜੁਲਾਈ 2024 ਤੱਕ ਉਹ ਲੁਧਿਆਣਾ ਦੇ ਇੱਕ ਜਿੰਮ ਸੈਂਟਰ ਵਿੱਚ ਬਤੌਰ ਮੈਨੇਜਰ ਕੰਮ ਕਰਦੀ ਸੀ। ਇਸ ਸਮੇਂ ਦੌਰਾਨ ਗੁਰਜੀਤ ਸਿੰਘ ਉਥੇ ਫਲੋਰ ਮੈਨੇਜਰ ਵਜੋਂ ਕੰਮ ਕਰਦਾ ਸੀ। ਉਹ ਅਕਸਰ ਬੁਰੀ ਨਜ਼ਰ ਰੱਖਦਾ ਸੀ। ਮੈਂ ਇਸ ਬਾਰੇ ਜਿੰਮ ਮਾਲਕ ਨੂੰ ਵੀ ਸ਼ਿਕਾਇਤ ਕੀਤੀ ਪਰ ਉਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਕ ਦਿਨ ਜਦੋਂ ਮੈਂ ਛੇੜਛਾੜ ਦਾ ਵਿਰੋਧ ਕੀਤਾ ਤਾਂ ਉਸ ਨੇ ਮੈਨੂੰ ਥੱਪੜ ਵੀ ਮਾਰਿਆ।
ਰੈਸਟ ਰੂਮ 'ਚ ਛੇੜਛਾੜ
ਔਰਤ ਨੇ ਅੱਗੇ ਦੱਸਿਆ ਕਿ 14 ਜੂਨ ਨੂੰ ਟਰੇਨਰ ਦੇ ਰੈਸਟ ਰੂਮ ਵਿੱਚ ਮੌਜੂਦ ਸੀ। ਫਿਰ ਇਸੇ ਦੌਰਾਨ ਮੁਲਜ਼ਮ ਪਿੱਛੇ ਤੋਂ ਆਇਆ ਤੇ ਮੈਨੂੰ ਫੜ ਕੇ ਗਲਤ ਹਰਕਤਾਂ ਕਰਨ ਸ਼ੁਰੂ ਕਰ ਦਿੱਤੀਆਂ । ਇਹ ਘਟਨਾ ਜਿੰਮ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਦੀ ਵੀਡੀਓ ਫੁਟੇਜ ਪੁਲਿਸ ਨੂੰ ਸਬੂਤ ਵਜੋਂ ਦੇ ਦਿੱਤੀ ਗਈ ਹੈ।
ਪੁਲਸ ਮੁਲਜ਼ਮ ਦੀ ਕਰ ਰਹੀ ਭਾਲ
ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਨੰਬਰ 7 ਦੇ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।