ਧੁੰਦ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਣ ਸੜਕਾਂ ਉਤੇ ਚੱਲਣ ਵਾਲੇ ਵ੍ਹੀਕਲਾਂ ਤੋਂ ਲੈ ਕੇ ਟਰੇਨਾਂ ਸਮੇਤ ਫਲਾਈਟਾਂ ਵੀ ਪ੍ਰਭਾਵਤ ਹੋ ਰਹੀਆਂ ਹਨ।
ਧੁੰਦ ਕਾਰਣ ਵਿਜ਼ੀਬਿਲਟੀ ਘਟੀ
ਰਾਜਧਾਨੀ ਦਿੱਲੀ ਵੀ ਧੁੰਦ ਦੀ ਚਾਦਰ ਵਿੱਚ ਲਿਪਟੀ ਨਜ਼ਰ ਆ ਰਹੀ ਹੈ। ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਆਈਜੀਆਈ ਹਵਾਈ ਅੱਡੇ ਤੋਂ ਕਈ ਫਲਾਈਟਾਂ ਵੀ ਦੇਰੀ ਨਾਲ ਉਡਾਣ ਭਰ ਰਹੀਆਂ ਹਨ। ਇਸ ਸਬੰਧੀ ਯਾਤਰੀਆਂ ਦੀਆਂ ਸਮੱਸਿਆਵਾਂ ਦਾ ਧਿਆਨ ਰੱਖਦੇ ਹੋਏ ਏਅਰਲਾਈਨ ਕੰਪਨੀ ਇੰਡੀਗੋ ਨੇ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ।
ਇੰਡੀਗੋ ਨੇ ਜਾਰੀ ਕੀਤੀ ਟਰੈਵਲ ਐਡਵਾਈਜ਼ਰੀ
ਇੰਡੀਗੋ ਏਅਰਲਾਈਨਜ਼ ਨੇ ਆਪਣੇ ਐਕਸ ਹੈਂਡਲ 'ਤੇ ਯਾਤਰਾ ਸਲਾਹ ਜਾਰੀ ਕੀਤੀ ਹੈ, ਜਿਸ 'ਚ ਲਿਖਿਆ ਧੁੰਦ ਦਿੱਲੀ ਵਿੱਚ ਵਿਜ਼ੀਬਿਲਟੀ ਨੂੰ ਪ੍ਰਭਾਵਤ ਕਰ ਰਹੀ ਹੈ, ਜਿਸ ਕਾਰਨ ਆਵਾਜਾਈ ਹੌਲੀ ਹੋ ਸਕਦੀ ਹੈ ਅਤੇ ਉਡਾਣਾਂ ਵਿੱਚ ਦੇਰੀ ਹੋ ਸਕਦੀ ਹੈ। ਅਸੀਂ ਤੁਹਾਨੂੰ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਵਾਧੂ ਸਮਾਂ ਕੱਢਣ ਅਤੇ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਦੀ ਸਲਾਹ ਦਿੰਦੇ ਹਾਂ। ਸੁਰੱਖਿਅਤ ਯਾਤਰਾ ਕਰੋ।