ਲੁਧਿਆਣਾ ਦੇ ਜਗਰਾਓਂ ਸਥਿਤ ਪਿੰਡ ਰਸੂਲਪੁਰ ਮੱਲਾ ਦੇ ਸਾਬਕਾ ਸਰਪੰਚ ਨੂੰ ਵਿਦੇਸ਼ੀ ਨੰਬਰ ਤੋਂ ਮਿਲੀ ਧਮਕੀ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ ਵਿਚ ਮੁਲਜ਼ਮ ਗੁਰਪ੍ਰੀਤ ਸਿੰਘ ਨੇ ਆਸਟ੍ਰੇਲੀਅਨ ਨੰਬਰ ਤੋਂ ਫੋਨ ਕਰ ਕੇ ਆਪਣਾ ਪੱਖ ਪੇਸ਼ ਕਰਦਿਆਂ ਖੁਲਾਸਾ ਕੀਤਾ ਹੈ ਕਿ ਸਾਬਕਾ ਸਰਪੰਚ ਗੁਰਸਿਮਰਨ ਸਿੰਘ ਦੇ ਕਹਿਣ ’ਤੇ ਹੀ ਉਸ ਨੇ ਧਮਕੀ ਵਾਲਾ ਵਾਇਸ ਮੈਸੇਜ ਭੇਜਿਆ ਸੀ।
ਗੰਨਮੈਨ ਲੈਣ ਲਈ ਖੁਦ ਹੀ ਧਮਕੀ ਦੇਣ ਲਈ ਕਿਹਾ
ਗੁਰਪ੍ਰੀਤ ਸਿੰਘ ਨੇ ਖੁਲਾਸਾ ਕੀਤਾ ਕਿ ਸਾਬਕਾ ਸਰਪੰਚ ਪੁਲਸ ਵਿਭਾਗ ਤੋਂ ਗੰਨਮੈਨ ਲੈਣਾ ਚਾਹੁੰਦਾ ਸੀ। ਪਰ ਪੁਲਸ ਉਸ ਨੂੰ ਗੰਨਮੈਨ ਨਹੀਂ ਦੇ ਰਹੀ ਸੀ। ਜਿਸ ਤੋਂ ਬਾਅਦ ਸਾਬਕਾ ਸਰਪੰਚ ਨੇ ਉਸ ਨੂੰ ਕਿਹਾ ਕਿ ਤੁਸੀਂ ਲੋਕ ਵਿਦੇਸ਼ ਬੈਠੇ ਹੋ। ਤੁਸੀਂ ਉਸ ਨੂੰ ਇੱਕ ਧਮਕੀ ਭਰਿਆ ਵਾਇਸ ਸੰਦੇਸ਼ ਭੇਜੋ ਤਾਂ ਜੋ ਉਹ ਇਸ ਸਬੰਧੀ ਸ਼ਿਕਾਇਤ ਕਰ ਸਕੇ ਅਤੇ ਗੰਨਮੈਨ ਲੈ ਸਕੇ। ਉਨ੍ਹਾਂ ਦੀ ਰੇਲ ਮੰਤਰੀ ਨਾਲ ਜਾਣ-ਪਛਾਣ ਹੈ, ਤੁਹਾਨੂੰ ਲੋਕਾਂ ਨੂੰ ਕੁਝ ਨਹੀਂ ਹੋਵੇਗਾ, ਗੰਨਮੈਨ ਮਿਲਣ ਤੋਂ ਬਾਅਦ ਉਹ ਸ਼ਿਕਾਇਤ 'ਤੇ ਵੀ ਕੋਈ ਕਾਰਵਾਈ ਨਹੀਂ ਕਰੇਗਾ ਪਰ ਫਿਰ ਵੀ ਉਸ ਨੂੰ ਗੰਨਮੈਨ ਨਹੀਂ ਮਿਲੇ। ਇਸ ਦੌਰਾਨ ਜਦੋਂ ਪੁਲਸ ਦੀ ਜਾਂਚ ਸ਼ੁਰੂ ਹੋਈ ਤਾਂ ਸਾਬਕਾ ਸਰਪੰਚ ਖੁਦ ਹੀ ਆਪਣੇ ਜਾਲ ਵਿਚ ਫਸਣ ਲੱਗਾ।
ਪੁਲਸ ਤੋਂ ਬਚਣ ਲਈ ਭਾਜਪਾ ਦਾ ਨਾਂ ਜੋੜਿਆ
ਆਪਣੇ ਆਪ ਨੂੰ ਬਚਾਉਣ ਲਈ ਸਾਬਕਾ ਸਰਪੰਚ ਨੇ ਉਨ੍ਹਾਂ ਖਿਲਾਫ ਕੇਸ ਦਰਜ ਕਰਵਾ ਦਿੱਤਾ। ਜਦੋਂਕਿ ਵਾਇਸ ਸੰਦੇਸ਼ ਵਿੱਚ ਭਾਜਪਾ ਨਾਲ ਸਬੰਧਤ ਕੁਝ ਵੀ ਨਹੀਂ ਕਿਹਾ ਗਿਆ। ਸਾਬਕਾ ਸਰਪੰਚ ਨੇ ਸਿਰਫ ਭਾਜਪਾ ਦਾ ਨਾਂ ਜੋੜ ਕੇ ਆਪਣੇ ਆਪ ਨੂੰ ਬਚਾਉਣ ਲਈ ਕੇਸ ਦਰਜ ਕਰਵਾਇਆ ਜਦੋਂਕਿ ਸਾਬਕਾ ਸਰਪੰਚ ਦੇ ਭਾਜਪਾ ਵਿੱਚ ਸ਼ਾਮਲ ਹੋਣ ’ਤੇ ਪੂਰੇ ਪਿੰਡ ਨੇ ਵਿਰੋਧ ਕੀਤਾ ਸੀ।
ਮੁਲਜ਼ਮ ਗੁਰਪ੍ਰੀਤ ਨੇ ਮੰਗ ਕੀਤੀ ਕਿ ਪੁਲਸ ਮਾਮਲੇ ਦੀ ਦੁਬਾਰਾ ਡੂੰਘਾਈ ਨਾਲ ਜਾਂਚ ਕਰੇ। ਮੁਲਜ਼ਮ ਨੇ ਦੱਸਿਆ ਕਿ ਸਾਬਕਾ ਸਰਪੰਚ ਦੇ ਮੋਬਾਈਲ ਫੋਨ ਦੀ ਜਾਂਚ ਕਰਨ ’ਤੇ ਪੁਲਸ ਨੂੰ ਪਤਾ ਲੱਗੇਗਾ ਕਿ ਧਮਕੀ ਭਰੇ ਸੁਨੇਹੇ ਭੇਜਣ ਤੋਂ ਪਹਿਲਾਂ ਸਾਬਕਾ ਸਰਪੰਚ ਉਸ ਨੂੰ ਉਲਟਾ ਫੋਨ ਕਰਦਾ ਰਿਹਾ ਸੀ। ਮੁਲਜ਼ਮ ਨੇ ਆਪਣੇ ਆਪ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਕਿ ਸਾਬਕਾ ਸਰਪੰਚ ਨੇ ਉਸ ਨੂੰ ਗੰਨਮੈਨ ਲੈਣ ਲਈ ਹੀ ਵਰਤਿਆ ਸੀ। ਇਸ ਘਟਨਾ ਦੀ ਆਡੀਓ ਰਿਕਾਰਡਿੰਗ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਕੀ ਹੈ ਸਾਰਾ ਮਾਮਲਾ
ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਪਿੰਡ ਰਸੂਲਪੁਰ ਮੱਲਾ ਦੇ ਸਾਬਕਾ ਸਰਪੰਚ ਗੁਰਸਿਮਰਨ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਧਮਕੀ ਮਿਲੀ ਹੈ ਕਿ ਉਹ ਜਾਂ ਤਾਂ ਭਾਜਪਾ ਛੱਡ ਦੇਵੇ ਜਾਂ ਆਪਣੀ ਜ਼ਿੰਦਗੀ ਛੱਡ ਦੇਵੇ। ਇੰਨਾ ਹੀ ਨਹੀਂ ਧਮਕੀ ਦੇਣ ਵਾਲੇ ਵਿਅਕਤੀ ਨੇ ਉਸ ਦੇ ਲੜਕੇ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਨੇ ਆਸਟ੍ਰੇਲੀਆ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਅਤੇ ਪਿੰਡ ਰਸੂਲਪੁਰ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਭੀਮੀ ਖਿਲਾਫ ਥਾਣਾ ਹਠੂਰ 'ਚ ਮਾਮਲਾ ਦਰਜ ਕੀਤਾ ਸੀ।
ਖੁਦ ਨੂੰ ਬਚਾਉਣ ਲਈ ਲਗਾ ਰਹੇ ਹਨ ਦੋਸ਼ : ਸਾਬਕਾ ਸਰਪੰਚ
ਇਸ ਮਾਮਲੇ 'ਚ ਦੋਸ਼ੀ ਬਣੇ ਗੁਰਪ੍ਰੀਤ ਸਿੰਘ ਗੋਪੀ ਨੇ ਆਪਣਾ ਪੱਖ ਪੇਸ਼ ਕਰਦੇ ਹੋਏ ਵੱਡਾ ਖੁਲਾਸਾ ਕੀਤਾ ਹੈ। ਦੂਜੇ ਪਾਸੇ ਹੁਣ ਸਾਬਕਾ ਸਰਪੰਚ ਗੁਰਸਿਮਰਨ ਸਿੰਘ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਹੁਣ ਮੁਲਜ਼ਮ ਗੋਪੀ ਆਪਣੇ ਆਪ ਨੂੰ ਬਚਾਉਣ ਲਈ ਉਸ ’ਤੇ ਝੂਠੇ ਦੋਸ਼ ਲਗਾ ਰਿਹਾ ਹੈ, ਜਦੋਂਕਿ ਉਸ ਦੀ ਸ਼ਿਕਾਇਤ ’ਤੇ ਪੁਲਸ ਨੇ ਮੁਲਜ਼ਮ ਖ਼ਿਲਾਫ਼ ਇਕ ਮਹੀਨੇ ਤੱਕ ਜਾਂਚ ਕਰਨ ਤੋਂ ਬਾਅਦ ਕੇਸ ਦਰਜ ਕੀਤਾ। ਪੀੜਤ ਨੇ ਦੱਸਿਆ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਵੀ ਦੋਸ਼ੀ ਉਸ ਨੂੰ ਫੋਨ ਕਰਦਾ ਰਿਹਾ ਪਰ ਉਸ ਨੇ ਫੋਨ ਨਹੀਂ ਚੁੱਕਿਆ।