ਜਲੰਧਰ ਸ਼ਹਿਰ ਦੀ ਸੁਰੱਖਿਆ ਸਵਾਲਾਂ ਦੇ ਘੇਰੇ 'ਚ ਹੈ। ਪਿਛਲੇ ਸਮੇਂ ਵਿੱਚ ਸੈਰ ਕਰਨ ਵਾਲੇ, ਰਾਹਗੀਰਾਂ ਤੇ ਇੱਥੋਂ ਤੱਕ ਕਿ ਆਟੋ ਸਵਾਰਾਂ ਨੂੰ ਵੀ ਸ਼ਿਕਾਰ ਬਣਾਇਆ ਗਿਆ ਹੈ। ਚਾਰੋਂ ਵਾਰਦਾਤਾਂ ਵਿੱਚ ਸਿਰਫ਼ ਤਿੰਨ ਲੁਟੇਰੇ ਸਨ। ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ। ਇਹਨਾਂ ਲੁਟੇਰਿਆਂ ਨੇ ਸਿਰਫ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ,ਕਿਸੇ ਨਾਲ ਵੀ ਮਾਰ-ਕੁੱਟ ਨਹੀਂ ਕੀਤੀ । ਇੱਕ ਹੋਰ ਆਮ ਗੱਲ ਇਹ ਹੈ ਕਿ ਸਾਰੀਆਂ ਘਟਨਾਵਾਂ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਵਾਪਰੀਆਂ ਹਨ।
ਬਸਤੀ ਦਾਨਿਸ਼ਮੰਡਾ 'ਚ ਲੁੱਟ
ਨਕੋਦਰ ਵਿਖੇ ਮੱਥਾ ਟੇਕਣ ਜਾ ਰਹੇ ਵਿਜੇ ਕੁਮਾਰ ਨੂੰ ਬਾਈਕ ਸਵਾਰ ਬਦਮਾਸ਼ਾਂ ਨੇ ਲੁੱਟ ਲਿਆ। ਉਹ ਸਰਜੀਕਲ ਕੰਪਲੈਕਸ 'ਚ ਕੰਮ ਕਰਦੇ ਹਨ। ਉਹਨਾਂ ਨੂੰ ਬੀਤੀ ਰਾਤ ਤਨਖਾਹ ਮਿਲੀ। ਤਨਖਾਹ ਘਰ ਰੱਖਣਾ ਭੁੱਲ ਗਏ ਸਨ। ਉਹਨਾਂ ਨੇ ਦਸਿਆ ਕਿ ਉਹ ਸਵੇਰੇ ਇੱਕ ਦੋਸਤ ਨੂੰ ਲੈਣ ਲਈ ਬਸਤੀ ਗੁੱਜਾ ਜਾ ਰਹੇ ਸੀ। ਬਾਬਾ ਬਾਲਕ ਨਾਥ ਮੰਦਿਰ ਤੋਂ ਬਾਈਕ ਸਵਾਰ ਤਿੰਨ ਨੌਜਵਾਨ ਉਹਨਾਂ ਦਾ ਪਿੱਛਾ ਕਰਨ ਲੱਗੇ। ਰਾਧਾ ਸੁਆਮੀ ਸਤਿਸੰਗ ਘਰ ਨੇੜੇ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ।
ਉਹ ਉਹਨਾਂ ਨੂੰ ਹਨੇਰੇ ਵਿਚ ਲੈ ਗਏ ਅਤੇ ਉਹਨਾਂ ਦੇ ਗਲੇ 'ਤੇ ਤੇਜ਼ਧਾਰ ਹਥਿਆਰ ਰੱਖ ਕੇ ਉਹਨਾਂ ਦੇ ਗਲੇ 'ਚੋਂ 1 ਤੋਲੇ ਸੋਨੇ ਦੀ ਚੇਨ,ਕਰੀਬ 9 ਹਜ਼ਾਰ ਰੁਪਏ ਅਤੇ ਇਕ ਮੋਬਾਈਲ ਫੋਨ ਲੁੱਟ ਕੇ ਲੈ ਗਏ। ਉਹਨਾਂ ਨੇ ਕਈ ਰਾਹਗੀਰਾਂ ਤੋਂ ਮਦਦ ਵੀ ਮੰਗੀ ਪਰ ਬਦਮਾਸ਼ਾਂ ਦੇ ਹਥਿਆਰਾਂ ਨੂੰ ਦੇਖ ਕੇ ਕੋਈ ਵੀ ਰਾਹਗੀਰ ਮਦਦ ਨਹੀਂ ਕਰ ਸਕਿਆ।
ਦਿਓਲ ਨਗਰ 'ਚ ਆਟੋ ਸਵਾਰਾਂ ਨੂੰ ਲੁੱਟਿਆ
ਜਲੰਧਰ ਦੇ ਦਿਓਲ ਨਗਰ 'ਚ ਦਿਨ ਦਿਹਾੜੇ ਆਟੋ 'ਚ ਬੈਠੇ ਯਾਤਰੀਆਂ ਨੂੰ ਗੰਨ ਪੁਆਇੰਟ 'ਤੇ ਲੁੱਟ ਲਿਆ । ਲੁਟੇਰਿਆਂ ਨੇ ਪਹਿਲਾਂ ਆਟੋ ਨੂੰ ਰੋਕਿਆ ਤੇ ਫਿਰ ਰਿਵਾਲਵਰ ਦਿਖਾ ਕੇ ਆਟੋ ਚਾਲਕ ਤੇ ਸਵਾਰੀਆਂ ਤੋਂ ਕਰੀਬ 9 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਪੀੜਤ ਆਟੋ ਚਾਲਕ ਰਾਹੁਲ ਨੇ ਦੱਸਿਆ ਕਿ ਉਹ ਬੱਸ ਸਟੈਂਡ ਤੋਂ ਸਵਾਰੀਆਂ ਲਿਆ ਰਿਹਾ ਸੀ। ਇਸੇ ਦੌਰਾਨ ਰਸਤੇ 'ਚ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਆਟੋ ਨੂੰ ਰੋਕ ਲਿਆ।
ਅੱਗੇ ਉਸ ਨੇ ਦਸਿਆ ਕਿ 3 ਨੌਜਵਾਨਾਂ ਨੇ ਮੇਰੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਮੇਰਾ ਫੋਨ ਤੇ ਪੈਸੇ ਖੋਹ ਲਏ। ਇਸ ਤੋਂ ਬਾਅਦ ਉਨ੍ਹਾਂ ਨੇ ਆਟੋ ਸਵਾਰਾਂ ਨੂੰ ਪਿਸਤੌਲ ਦਿਖਾ ਕੇ ਉਨ੍ਹਾਂ ਨੂੰ ਲੁੱਟ ਲਿਆ। ਆਟੋ ਸਵਾਰ ਔਰਤ ਨੇ ਦੱਸਿਆ ਕਿ ਅਸੀਂ ਉਤਰਾਖੰਡ ਤੋਂ ਆ ਰਹੇ ਸੀ। ਅਸੀਂ ਬੱਸ ਸਟੈਂਡ ਤੋਂ ਆਟੋ ਲਿਆ ਤੇ ਇਸ ਦੌਰਾਨ ਤਿੰਨ ਨੌਜਵਾਨ ਆਏ, ਉਨ੍ਹਾਂ ਨੂੰ ਪਿਸਤੌਲ ਦਿਖਾ ਕੇ ਪੈਸੇ ਤੇ ਸਾਮਾਨ ਲੈ ਕੇ ਭੱਜ ਗਏ। ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਦਸਮੇਸ਼ ਨਗਰ 'ਚ ਰਾਹਗੀਰ ਨੂੰ ਲੁੱਟਿਆ
ਸ਼ਾਸਤਰੀ ਨਗਰ ਨਿਵਾਸੀ ਦਿਨੇਸ਼ ਕੁਮਾਰ ਨੂੰ ਦਸਮੇਸ਼ ਨਗਰ 'ਚ ਲੁਟੇਰਿਆਂ ਨੇ ਲੁੱਟ ਲਿਆ। ਉਹ ਇੱਕ ਸਪੋਰਟਸ ਫੈਕਟਰੀ ਵਿੱਚ ਕੰਮ ਕਰਦੇ ਹਨ। ਸਵੇਰੇ ਕਰੀਬ ਛੇ ਵਜੇ ਲੁਟੇਰਿਆਂ ਨੇ ਉਨ੍ਹਾਂ ਕੋਲੋਂ 400 ਰੁਪਏ ਤੇ ਚਾਂਦੀ ਦਾ ਕੜਾ ਲੁੱਟ ਲਿਆ।
ਨਾਲਾ ਪਿੰਡ 'ਚ NRI ਤੋਂ ਲੁੱਟ
ਦੈਨਿਕ ਭਾਸਕਰ ਦੀ ਖਬਰ ਮੁਤਾਬਕ ਲੁਟੇਰਿਆਂ ਨੇ ਇੱਕ ਐਨ.ਆਰ.ਆਈ. ਨੂੰ ਲੁੱਟ ਲਿਆ। ਵਿਦੇਸ਼ ਜਾਣ ਕਾਰਨ ਉਸ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ। ਲੁਟੇਰਿਆਂ ਨੇ ਉਨ੍ਹਾਂ ਕੋਲੋਂ ਕੀ ਲੁੱਟਿਆ, ਇਸ ਦਾ ਖੁਲਾਸਾ ਨਹੀਂ ਹੋ ਸਕਿਆ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਜੇਕਰ ਤੁਸੀਂ ਦੇਰ ਰਾਤ ਜਾਂ ਸਵੇਰੇ ਕਿਤੇ ਜਾਂਦੇ ਹੋ, ਤਾਂ ਇਕੱਲੇ ਨਾ ਜਾਓ।
ਕੋਈ ਵੀ ਚੇਨ ਜਾਂ ਬਰੇਸਲੇਟ ਪਹਿਨ ਕੇ ਬਾਹਰ ਨਾ ਜਾਓ। ਆਪਣੀ ਜੇਬ ਵਿੱਚ ਘੱਟੋ-ਘੱਟ ਨਕਦੀ ਰੱਖੋ।
ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਪਹਿਲਾਂ ਪੁਲਿਸ ਨੂੰ ਸੂਚਿਤ ਕਰੋ।