ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 42 ਡਿਗਰੀ ਨੂੰ ਪਾਰ ਕਰ ਗਿਆ ਹੈ। ਫਾਜ਼ਿਲਕਾ ਦੇ ਅਬੋਹਰ ਵਿੱਚ ਸਭ ਤੋਂ ਵੱਧ ਤਾਪਮਾਨ 47.6 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ 23 ਜ਼ਿਲ੍ਹਿਆਂ ਲਈ ਹੀਟ ਵੇਵ ਅਲਰਟ ਜਾਰੀ ਕੀਤਾ ਹੈ। ਜਿਸ ਵਿੱਚ 17 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਅਤੇ 6 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ 17 ਜੂਨ ਤੱਕ ਲੋਕਾਂ ਨੂੰ ਲੂ ਅਤੇ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।
ਚੰਡੀਗੜ੍ਹ ਦਾ ਤਾਪਮਾਨ ਪਹੁੰਚ ਸਕਦਾ 46°C ਤੱਕ
ਇਸ ਦੇ ਨਾਲ ਹੀ ਚੰਡੀਗੜ੍ਹ ਦਾ ਤਾਪਮਾਨ ਅਜੇ ਵੀ 44°C ਤੋਂ ਉਪਰ ਹੈ। ਹਾਲਾਂਕਿ ਭਲਕੇ ਤਾਪਮਾਨ 46°C ਤੱਕ ਪਹੁੰਚ ਸਕਦਾ ਹੈ। ਇਸ ਗਰਮੀ ਕਾਰਨ ਬਿਜਲੀ ਦੀ ਖਪਤ ਵੀ ਵਧ ਗਈ ਹੈ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਲਈ ਅੱਤ ਦੀ ਗਰਮੀ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। 19 ਜੂਨ ਨੂੰ ਮੌਸਮ 'ਚ ਕੁਝ ਬਦਲਾਅ ਦੇਖਣ ਦੀ ਉਮੀਦ ਹੈ।
ਇਨ੍ਹਾਂ ਜ਼ਿਲ੍ਹਿਆਂ ਵਿੱਚ ਲੂ ਦਾ ਅਲਰਟ
ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਅੱਜ ਭਿਆਨਕ ਗਰਮੀ ਪੈ ਸਕਦੀ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਮਾਨਸਾ, ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ, ਐਸਏਐਸ ਨਗਰ ਅਤੇ ਮਲੇਰਕੋਟਲਾ ਜ਼ਿਲ੍ਹੇ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਰਹੇਗਾ। ਨਾਲ ਹੀ ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ, ਜਲੰਧਰ, ਫਤਿਹਗੜ੍ਹ ਸਾਹਿਬ ਅਤੇ ਰੂਪਨਗਰ 'ਚ ਯੈਲੋ ਅਲਰਟ ਰਹੇਗਾ।
ਇਸ ਤਰ੍ਹਾਂ ਗਰਮੀ ਤੋਂ ਬਚੋ
ਜਿੰਨਾ ਹੋ ਸਕੇ ਪਾਣੀ ਪੀਓ।
ਕੋਸ਼ਿਸ਼ ਕਰੋ ਕਿ ਏਸੀ ਵਿਚ ਬੈਠਣ ਤੋਂ ਤੁਰੰਤ ਬਾਅਦ ਧੁੱਪ ਵਿਚ ਨਾ ਜਾਓ।
ਧੁੱਪ 'ਚ ਨਿਕਲਣ ਤੋਂ ਪਹਿਲਾਂ ਹਮੇਸ਼ਾ ਆਪਣੇ ਸਿਰ ਨੂੰ ਢੱਕ ਕੇ ਰੱਖੋ।
ਜੇਕਰ ਤੁਸੀਂ ਧੁੱਪ 'ਚ ਆ ਰਹੇ ਹੋ, ਤਾਂ ਘਰ ਆਉਂਦੇ ਹੀ ਪਾਣੀ ਖਾਸ ਕਰਕੇ ਠੰਡਾ ਪਾਣੀ ਨਾ ਪੀਓ।
ਸਰੀਰ ਨੂੰ ਹਮੇਸ਼ਾ ਹਾਈਡਰੇਟ ਰੱਖਣ ਦੀ ਕੋਸ਼ਿਸ਼ ਕਰੋ। ਸਮੇਂ-ਸਮੇਂ 'ਤੇ ਜੂਸ, ਪਾਣੀ ਅਤੇ ਨਿੰਬੂ ਪਾਣੀ ਪੀਂਦੇ ਰਹੋ।