ਮੋਹਾਲੀ 'ਚ ਚੰਡੀਗੜ੍ਹ ਦੇ ਨਾਲ ਲੱਗਦੇ ਫੇਜ਼-2 'ਚ ਮੁਥੂਟ ਫਾਈਨਾਂਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਆਏ ਤਾਂ ਹੂਟਰ ਵਜ ਗਿਆ, ਜਿਸ ਤੋਂ ਬਾਅਦ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ 'ਚ ਸਫਲ ਨਹੀਂ ਹੋ ਸਕੇ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਨਾਲ ਗੈਸ ਵੈਲਡਿੰਗ ਦਾ ਸਿਲੰਡਰ ਵੀ ਲੈ ਕੇ ਆਏ ਸਨ।
ਇਸ ਦੇ ਨਾਲ ਹੀ ਥਾਣਾ ਫੇਜ਼-1 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਮੁਲਜ਼ਮਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਜੇਕਰ ਇਹ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਕਾਮਯਾਬ ਹੋ ਜਾਂਦੇ ਤਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਸੀ।
ਘਟਨਾ ਰਾਤ 2:30 ਵਜੇ ਦੀ
ਜਾਣਕਾਰੀ ਮੁਤਾਬਕ ਇਹ ਘਟਨਾ ਰਾਤ 2:30 ਵਜੇ ਦੀ ਦੱਸੀ ਜਾ ਰਹੀ ਹੈ। ਦੋਸ਼ੀ ਪੂਰੀ ਪਲੈਨਿੰਗ ਨਾਲ ਮੁਥੂਟ ਫਾਈਨਾਂਸ ਤੱਕ ਪਹੁੰਚੇ ਸਨ। ਇਸ ਦੇ ਨਾਲ ਹੀ ਨਾਲ ਲੱਗਦੇ ਸ਼ੋਅਰੂਮ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਅਜਿਹੇ 'ਚ ਦੋਸ਼ੀ ਪਹਿਲਾਂ ਕੰਧ ਟੱਪ ਕੇ ਖਾਲੀ ਸ਼ੋਅਰੂਮ 'ਚ ਚਲੇ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਮੁਥੂਟ ਫਾਈਨਾਂਸ ਦੀ ਕੰਧ ਤੋੜ ਕੇ ਸੁਰੰਗ ਬਣਾ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ।
ਹੂਟਰ ਦੀ ਆਵਾਜ਼ ਨਾਲ ਨੁਕਸਾਨ ਹੋਣ ਤੋਂ ਹੋਇਆ ਬਚਾਅ
ਜਦੋਂ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਉਦੋਂ ਹੀ ਹੂਟਰ ਵੱਜ ਗਿਆ। ਨਾਲ ਹੀ ਪੂਰਾ ਇਲਾਕਾ ਅਲਰਟ ਹੋ ਗਿਆ। ਦੂਜੇ ਪਾਸੇ ਇਹ ਸੂਚਨਾ ਬਰਾਂਚ ਅਧਿਕਾਰੀਆਂ ਤੱਕ ਪਹੁੰਚ ਗਈ। ਇਸ ਤੋਂ ਬਾਅਦ ਉਨ੍ਹਾਂ ਤੁਰੰਤ ਫੇਜ਼-1 ਵਿੱਚ ਸੂਚਨਾ ਦਿੱਤੀ। ਪੁਲਸ 10 ਮਿੰਟਾਂ ਵਿੱਚ ਪਹੁੰਚ ਗਈ। ਪਰ ਉਦੋਂ ਤੱਕ ਮੁਲਜ਼ਮ ਫ਼ਰਾਰ ਹੋ ਚੁੱਕੇ ਸਨ ਤੇ ਕਿਸੇ ਵੱਡੀ ਚੋਰੀ ਤੋਂ ਬਚਾਅ ਹੋ ਗਿਆ।
ਗੁਆਂਢੀ ਰਾਜਾਂ ਦੀ ਪੁਲਸ ਵੀ ਜਾਂਚ ਕਰ ਰਹੀ
ਪੁਲਸ ਦਾ ਕਹਿਣਾ ਹੈ ਕਿ ਤਿੰਨ ਟੀਮਾਂ ਇਲਾਕੇ ਵਿੱਚ ਜਾਂਚ ਕਰ ਰਹੀਆਂ ਹਨ ਅਤੇ ਇਸ ਸਬੰਧ ਵਿੱਚ ਗੁਆਂਢੀ ਰਾਜਾਂ ਹਰਿਆਣਾ, ਹਿਮਾਚਲ ਅਤੇ ਦਿੱਲੀ ਪੁਲਸ ਨੂੰ ਅਲਰਟ ਭੇਜਿਆ ਗਿਆ ਹੈ।