ਤਰਨਤਾਰਨ ਤੋਂ ਅੰਮ੍ਰਿਤਸਰ ਆ ਰਹੀ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਗੁਰਦੁਆਰਾ ਬਾਬਾ ਨੋਧ ਸਿੰਘ ਨੇੜੇ ਨਹਿਰ ਵਿੱਚ ਡਿੱਗ ਗਈ। ਧੁੰਦ ਕਾਰਨ ਡਰਾਈਵਰ ਨੂੰ ਰਸਤਾ ਦਿਖਾਈ ਨਹੀਂ ਦਿੱਤਾ ਅਤੇ ਬੱਸ ਰੇਲਿੰਗ ਤੋੜ ਕੇ ਨਹਿਰ ਵਿੱਚ ਪਲਟ ਗਈ। ਹਾਲਾਂਕਿ, ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਸਵਾਰੀਆਂ ਨੂੰ ਬੱਸ 'ਚੋਂ ਬਾਹਰ ਕੱਢਿਆ ਗਿਆ। ਇਸ ਘਟਨਾ ਵਿੱਚ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਟਾਂਡਾ ਵਿੱਚ ਧੁੰਦ ਕਾਰਨ ਵਾਪਰਿਆ ਦਰਦਨਾਕ ਹਾਦਸਾ
ਸੰਘਣੀ ਧੁੰਦ ਕਾਰਨ ਟਾਂਡਾ-ਸ਼੍ਰੀ ਹਰਗੋਬਿੰਦਪੁਰ ਰੋਡ 'ਤੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਔਰਤ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਧੁੰਦ ਕਾਰਨ ਇਕ ਬੇਕਾਬੂ ਕਾਰ ਸਾਈਡ ਤੋਂ ਟਕਰਾ ਗਈ। ਜਿਸ ਕਾਰਨ ਬੇਕਾਬੂ ਕਾਰ ਨੇ ਸੜਕ ਕਿਨਾਰੇ ਖੜ੍ਹੀ ਔਰਤ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਤੋਂ ਬਾਅਦ ਉਹ ਦਰੱਖਤ ਨਾਲ ਜਾ ਟਕਰਾਈ। ਹਾਦਸੇ 'ਚ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਖੰਨਾ 'ਚ 20 ਗੱਡੀਆਂ ਆਪਸ 'ਚ ਟਕਰਾਈਆਂ
ਸੰਘਣੀ ਧੁੰਦ ਕਾਰਨ ਖੰਨਾ 'ਚ ਨੈਸ਼ਨਲ ਹਾਈਵੇ 'ਤੇ 100 ਗਜ਼ ਦੀ ਦੂਰੀ 'ਚ ਹੀ 3 ਹਾਦਸੇ ਵਾਪਰ ਗਏ। ਜਿਸ ਕਾਰਨ ਕਰੀਬ 20 ਵਾਹਨ ਆਪਸ ਵਿੱਚ ਟਕਰਾ ਗਏ। ਪਰ ਇਨ੍ਹਾਂ ਹਾਦਸਿਆਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਹਾਲਾਂਕਿ ਵਾਹਨ ਚਕਨਾਚੂਰ ਹੋ ਗਏ। ਹਾਦਸਿਆਂ ਕਾਰਨ ਰਾਜਗੜ੍ਹ ਨੇੜੇ ਨੈਸ਼ਨਲ ਹਾਈਵੇਅ ਨੂੰ ਬੰਦ ਕਰਨਾ ਪਿਆ ਅਤੇ ਆਵਾਜਾਈ ਨੂੰ ਸਰਵਿਸ ਲੇਨ ਤੋਂ ਮੋੜਨਾ ਪਿਆ। ਇਹ ਹਾਦਸਾ ਅੰਮ੍ਰਿਤਸਰ-ਦਿੱਲੀ ਹਾਈਵੇਅ 'ਤੇ ਵਾਪਰਿਆ।
ਪਹਿਲਾ ਹਾਦਸਾ ਰਾਜਗੜ੍ਹ ਨੇੜੇ ਪੁਲ ’ਤੇ ਕੈਂਟਰ ਨਾਲ ਵਾਪਰਿਆ। ਜਿੱਥੇ 4 ਤੋਂ 5 ਵਾਹਨ ਆਪਸ ਵਿੱਚ ਟਕਰਾ ਗਏ। ਜਿਸ ਤੋਂ ਬਾਅਦ ਪੁਲਿਸ ਨੇ ਵਾਹਨਾਂ ਨੂੰ ਹਟਾਉਣਾ ਸ਼ੁਰੂ ਕੀਤਾ ਪਰ ਫਿਰ ਥੋੜੀ ਦੂਰੀ 'ਤੇ 4 ਤੋਂ 5 ਹੋਰ ਵਾਹਨ ਆਪਸ ਵਿੱਚ ਟਕਰਾ ਗਏ। ਇਸ ਦੌਰਾਨ ਕੁਝ ਦੂਰੀ 'ਤੇ ਇਕ ਹੋਰ ਹਾਦਸਾ ਵਾਪਰ ਗਿਆ ਅਤੇ ਕੁਝ ਵਾਹਨ ਆਪਸ ਵਿਚ ਟਕਰਾ ਗਏ।
14 ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਜਾਰੀ
ਪੰਜਾਬ ਵਿੱਚ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਮੌਸਮ ਖ਼ਰਾਬ ਰਹੇਗਾ। ਇਸ ਸਬੰਧੀ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ ਅਤੇ ਮਾਨਸਾ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।