ਖਬਰਿਸਤਾਨ ਨੈੱਟਵਰਕ - ਪੰਜਾਬ ਵਿਚ ਗਰਮੀ ਆਪਣੇ ਤੇਵਰ ਦਿਖਾ ਰਹੀ ਹੈ ਤੇ ਲੋਕਾਂ ਦੇ ਪਸੀਨੇ ਛੁਡਾ ਰਹੀ ਹੈ। ਇਸ ਪੈ ਰਹੀ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਕੁਝ ਰਾਹਤ ਮਿਲਣ ਵਾਲੀ ਹੈ, ਕਿਉਂਕਿ ਮੌਸਮ ਵਿਭਾਗ ਵਲੋਂ ਅੱਜ ਅਤੇ ਕੱਲ ਲਈ 18 ਤੇ 19 ਅਪ੍ਰੈਲ ਦੋ ਦਿਨ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਬੁੱਧਵਾਰ ਰਾਤ ਨੂੰ ਵੀ ਮੀਂਹ ਤੋਂ ਬਾਅਦ ਟੈਂਪਰੇਚਰ ਵਿੱਚ ਥੋੜ੍ਹੀ ਗਿਰਾਵਟ ਆਉਣ ਨਾਲ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਨਿਜਾਤ ਮਿਲੀ ਸੀ ਪਰ ਦਿਨ ਚੜਦਿਆਂ ਹੀ ਤੇਜ਼ ਧੁੱਪ ਨਾਲ ਲੋਕ ਗਰਮੀ ਤੋਂ ਹਾਲੋਂ ਬੇਹਾਲ ਹੋ ਰਹੇ ਹਨ।
ਤੂਫਾਨ ਤੇ ਮੀਂਹ ਨੂੰ ਲੈ ਕੇ ਅਲਰਟ ਜਾਰੀ
ਮੌਸਮ ਵਿਭਾਗ ਨੇ ਅੱਜ ਪੰਜਾਬ ਵਿੱਚ ਮੀਂਹ ਅਤੇ ਤੂਫ਼ਾਨ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ, ਸ਼ਨੀਵਾਰ ਨੂੰ ਵੀ ਪੰਜਾਬ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦਾ ਬਠਿੰਡਾ ਜ਼ਿਲਾ ਸਭ ਤੋਂ ਵੱਧ ਗਰਮ ਦੱਸਿਆ ਜਾ ਰਿਹਾ ਹੈ, ਜਿਥੇ ਤਾਪਮਾਨ 40.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ, ਜੋ ਕਿ ਆਮ ਨਾਲੋਂ 2.4 ਡਿਗਰੀ ਵੱਧ ਹੈ।
ਇਨ੍ਹਾਂ ਜ਼ਿਲ੍ਹਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ
ਇਸ ਦੇ ਨਾਲ ਹੀ 13 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਅਤੇ ਤੂਫ਼ਾਨ ਨੂੰ ਲੈ ਕੇ ਅਲਰਟ ਜਾਰੀ ਹੈ ਅਤੇ 8 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਰੂਪਨਗਰ, ਐਸਏਐਸ ਨਗਰ, ਫਤਿਹਗੜ੍ਹ ਸਾਹਿਬ ਅਤੇ ਨਵਾਂ ਸ਼ਹਿਰ ਵਿੱਚ ਮੀਂਹ ਅਤੇ ਤੂਫ਼ਾਨ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਿੱਚ ਵੀ ਮੀਂਹ ਅਤੇ ਤੂਫ਼ਾਨ ਨੂੰ ਲੈ ਕੇ ਯੈਲੋ ਅਲਰਟ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।