ਜਲੰਧਰ ਪੁਲਸ ਨੇ ਢਾਬਾ ਮਾਲਕ ਅਨਿਲ ਕੁਮਾਰ ਮਨੀ ਦੀ ਮੌਤ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਨਿਊਜ਼ ਪੋਰਟਲ ਦੇ ਰਿਪੋਰਟਰ ਦੀਪਕ ਰਾਣਾ ਉਰਫ ਦੀਪਕ ਥਾਪਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਐਫਆਈਆਰ ਦਰਜ ਹੋਣ ਤੋਂ ਬਾਅਦ ਹੋਈ ਹੈ। ਮੁਲਜ਼ਮ ਦੀਪਕ ਰਾਣਾ ਨੂੰ 27 ਨਵੰਬਰ ਨੂੰ ਕਾਂਗਰਸ ਭਵਨ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਣੋ ਪੂਰਾ ਮਾਮਲਾ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਇਹ ਘਟਨਾ 20 ਨਵੰਬਰ ਦੀ ਹੈ, ਜਦੋਂ ਦੀਪਕ ਰਾਣਾ ਨੇ ਹੋਰ ਵਿਅਕਤੀਆਂ ਨਾਲ ਮਿਲ ਕੇ ਦੋਸ਼ ਲਗਾਇਆ ਕਿ ਉਨ੍ਹਾਂ ਢਾਬੇ ਦੀ ਸਬਜ਼ੀ 'ਚ ਕੀੜੇ ਮਿਲੇ | ਇਸ ਦੌਰਾਨ ਪੀੜਤ ਅਤੇ ਉਸ ਦੇ ਲੜਕੇ ਮਾਨਵ ਮਨੀ ਨੇ ਵਾਰ-ਵਾਰ ਬੇਨਤੀ ਕੀਤੀ ਕਿ ਉਨ੍ਹਾਂ ਦਾ ਪਿਤਾ ਅਨਿਲ ਦਿਲ ਦਾ ਮਰੀਜ਼ ਹੈ, ਪਰ ਉਨ੍ਹਾਂ ਨੇ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ ।
ਮੁਲਜ਼ਮ ਨੂੰ ਕਾਂਗਰਸ ਭਵਨ ਤੋਂ ਗ੍ਰਿਫ਼ਤਾਰ ਕੀਤਾ ਗਿਆ
ਇਸ ਮਾਮਲੇ ਦੌਰਾਨ ਅਨਿਲ ਗੰਭੀਰ ਤਣਾਅ ਵਿਚ ਆ ਗਿਆ ਅਤੇ ਉਨ੍ਹਾਂ ਦੀ ਸਿਹਤ ਵਿਗੜ ਗਈ। ਜਿਸ ਤੋਂ ਬਾਅਦ ਅਨਿਲ ਦਾ ਪੁੱਤਰ ਆਪਣੇ ਪਿਤਾ ਨੂੰ ਇਲਾਜ ਲਈ ਹਸਪਤਾਲ ਲੈ ਕੇ ਜਾ ਰਿਹਾ ਸੀ ਕਿ ਰਸਤੇ 'ਚ ਮੌਤ ਹੋ ਗਈ। ਪੁਲਿਸ ਨੇ ਪੀੜਤ ਦੇ ਲੜਕੇ ਦੀ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਦੋਸ਼ੀ ਦੀਪਕ ਰਾਣਾ ਨੂੰ 27 ਨਵੰਬਰ ਨੂੰ ਕਾਂਗਰਸ ਭਵਨ ਨੇੜਿਓਂ ਗ੍ਰਿਫ਼ਤਾਰ ਕਰ ਲਿਆ।
ਲਾਈਵ ਸਟ੍ਰੀਮ ਕਰਨ ਵਾਲਿਆਂ ਦੀ ਜਾਂਚ 'ਚ ਜੁਟੀ ਪੁਲਸ
ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਲੜਾਈ ਨੂੰ ਲਾਈਵ ਸਟ੍ਰੀਮ ਕਰਨ ਵਾਲੇ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਬਾਰੇ ਹੋਰ ਪੁੱਛਗਿੱਛ ਲਈ ਪੁਲਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਨਾਲ ਹੀ ਏ.ਸੀ.ਪੀ ਨੇ ਕਿਹਾ ਕਿ ਇਹ ਇੱਕ ਗੰਭੀਰ ਮਾਮਲਾ ਹੈ ਜਿੱਥੇ ਸਿੱਧੇ ਤੌਰ 'ਤੇ ਪਰੇਸ਼ਾਨੀ ਕਾਰਨ ਜਾਨਾਂ ਚਲੀਆਂ ਗਈਆਂ।