ਖ਼ਬਰਿਸਤਾਨ ਨੈੱਟਵਰਕ- ਪੰਜਾਬ ਵਿਚ ਇਕ ਵਾਰ ਫਿਰ ਮੌਸਮ ਦਾ ਮਿਜ਼ਾਜ਼ ਬਦਲ ਗਿਆ ਹੈ। ਜਲੰਧਰ ਸ਼ਹਿਰ 'ਚ ਬੀਤੀ ਰਾਤ ਤੋਂ ਹੋ ਹੀ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਣ ਸੜਕਾਂ ਨੇ ਨਹਿਰਾਂ ਦਾ ਰੂਪ ਧਾਰ ਲਿਆ ਹੈ। ਸਵੇਰੇ ਵੀ ਮੀਂਹ ਜਾਰੀ ਰਿਹਾ ਤੇ ਬੱਦਲ ਹੋਰ ਗੂੜ੍ਹੇ ਹੁੰਦੇ ਗਏ, ਜਿਸ ਨਾਲ ਕੰਮਾਂ-ਕਾਰਾਂ ਉਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਜਲੰਧਰ ਦੇ ਇਹ ਇਲਾਕੇ ਪੂਰੀ ਤਰ੍ਹਾਂ ਡੁੱਬੇ
ਜਲੰਧਰ ਸ਼ਹਿਰ ਦੀਆਂ ਸੜਕਾਂ 'ਤੇ ਇੰਨਾ ਪਾਣੀ ਜਮ੍ਹਾ ਹੋ ਗਿਆ ਕਿ ਕਾਰਾਂ ਤੱਕ ਡੁੱਬਦੀਆਂ ਨਜ਼ਰ ਆਈਆਂ। ਭਾਰੀ ਮੀਂਹ ਕਾਰਣ ਸ਼ਹਿਰ ਦੇ ਕਈ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਨਗਰ ਨਿਗਮ ਜਲੰਧਰ ਸ਼ਹਿਰ ਨੂੰ ਕਈ ਸਾਲਾਂ ਤੋਂ ਸਮਾਰਟ ਸਿਟੀ ਬਣਾਉਣ ਦੀਆਂ ਗੱਲਾਂ ਕਰ ਰਿਹਾ ਹੈ ਪਰ ਮੀਂਹ ਤੋਂ ਬਾਅਦ ਹੀ ਸ਼ਹਿਰ ਦੇ ਜੋ ਹਾਲਾਤ ਬਣਦੇ ਹਨ, ਉਹ ਆਪ ਮੁਹਾਰੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਜਲੰਧਰ ਸ਼ਹਿਰ ਦੀਆਂ ਕਈ ਥਾਵਾਂ 'ਤੇ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੇ ਕੰਮ ਦਾ ਪ੍ਰਾਜੈਕਟ ਚੱਲ ਰਿਹਾ ਹੈ ਪਰ ਮੀਂਹ ਤੋਂ ਬਾਅਦ ਸੜਕਾਂ ਦੀ ਖਸਤਾਹਾਲਤ ਹੋਣਾ ਆਮ ਗੱਲ ਹੈ।
ਭਾਰੀ ਮੀਂਹ ਕਾਰਣ ਬਸਤੀਆਤ ਏਰੀਆ ਵਿਚ ਕਾਫੀ ਜ਼ਿਆਦਾ ਪਾਣੀ ਭਰ ਗਿਆ, ਇਸ ਤੋਂ ਇਲਾਵਾ ਮਿੱਠੂ ਬਸਤੀ, ਦੋਮੋਰੀਆ ਪੁਲ ਤੇ ਹੋਰ ਇਲਾਕੇ ਪਾਣੀ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੋਏ।
ਕਿੱਥੇ ਸੜਕ ਕਿੱਥੇ ਟੋਆ
ਜਲੰਧਰ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਟੁੱਟੀਆਂ ਹੋਈਆਂ ਹਨ । ਮੀਂਹ ਤੋਂ ਬਾਅਦ ਸੜਕਾਂ ਉਤੇ ਪਾਣੀ ਜਮ੍ਹਾ ਹੋਣ ਕਾਰਣ ਇਹ ਪਤਾ ਨਹੀਂ ਲੱਗਦਾ ਕਿ ਕਿੱਥੇ ਸੜਕ ਹੈ ਤੇ ਕਿੱਥੇ ਟੋਆ ਹੈ, ਇਸ ਨਾਲ ਵੱਡੇ ਹਾਦਸੇ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ। ਜਲੰਧਰ ਨਗਰ ਨਿਗਮ ਨੂੰ ਸ਼ਹਿਰ ਦੀਆਂ ਪ੍ਰਮੁੱਖ ਮਸਲਿਆਂ ਨੂੰ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਆਉਣ ਵਾਲੇ ਦਿਨਾਂ ਵਿਚ ਕਿਵੇਂ ਦਾ ਰਹੇਗਾ ਮੌਸਮ
ਮੌਸਮ ਵਿਗਿਆਨ ਕੇਂਦਰ ਨੇ ਅੱਜ ਮੀਂਹ ਸਬੰਧੀ ਕੁਝ ਇਲਾਕਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। 16 ਅਗਸਤ ਨੂੰ ਸੂਬੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ ਵਿੱਚ ਮੀਂਹ ਕਾਰਨ ਪੰਜਾਬ ਵਿੱਚ ਹੜ੍ਹ ਦਾ ਖ਼ਤਰਾ ਵੀ ਬਣਿਆ ਹੋਇਆ ਹੈ।
ਇਸ ਦੇ ਨਾਲ ਹੀ ਕਪੂਰਥਲਾ, ਤਰਨਤਾਰਨ, ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਭਾਰੀ ਮੀਂਹ ਦੇ ਨਾਲ-ਨਾਲ ਬਿਜਲੀ ਅਤੇ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ) ਦੀ ਸੰਭਾਵਨਾ ਬਾਰੇ ਫਲੈਸ਼ ਅਲਰਟ ਜਾਰੀ ਕੀਤਾ ਗਿਆ ਹੈ।
ਪੰਜਾਬ ਵਿਚ ਹੜ੍ਹਾਂ ਦਾ ਖਤਰਾ
ਪੋਂਗ ਡੈਮ ਤੋਂ ਲਗਾਤਾਰ ਪਾਣੀ ਛੱਡਣ ਕਾਰਨ ਬਿਆਸ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ, ਜਦੋਂ ਕਿ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਵੀ ਵਧ ਗਿਆ ਹੈ। ਇਸ ਸਥਿਤੀ ਕਾਰਨ ਗੁਰਦਾਸਪੁਰ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਸੁਲਤਾਨਪੁਰ ਲੋਧੀ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਕਈ ਖੇਤਰ ਇਸ ਸਮੇਂ ਪਾਣੀ ਵਿੱਚ ਡੁੱਬੇ ਹੋਏ ਹਨ। ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ, ਜਿਸ ਵਿੱਚ 14 ਅਤੇ 15 ਅਗਸਤ ਨੂੰ ਸੂਬੇ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੇ 13 ਜ਼ਿਲ੍ਹਿਆਂ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।