ਜਲੰਧਰ ਪੱਛਮੀ ਜ਼ਿਮਨੀ ਚੋਣ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। 10 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਇਸ ਵਿਧਾਨ ਸਭਾ ਸੀਟ ਨੂੰ ਜਿੱਤਣ ਲਈ ਪੂਰੀ ਵਾਹ ਲਾ ਰਹੀ ਹੈ। ਇਸ ਦੌਰਾਨ ਵੱਡੀ ਖਬਰ ਸਾਹਮਣੇ ਆ ਰਹੀ ਹੈ। ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। ਜਾਣਕਾਰੀ ਅਨੁਸਾਰ ਇੱਕ ਸੀਨੀਅਰ ਆਗੂ ‘ਆਪ’ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ।
ਸੀਐਮ ਮਾਨ ਨਾਲ ਗੱਲਬਾਤ ਜਾਰੀ
ਅਜਿਹੇ 'ਚ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਹਾਲ ਹੀ ਵਿੱਚ ਸੀਐਮ ਮਾਨ ਨੇ ਕਈ ਨੇਤਾਵਾਂ ਨੂੰ ‘ਆਪ’ ਪਾਰਟੀ ਵਿੱਚ ਸ਼ਾਮਲ ਕੀਤਾ ਹੈ। ਇਸ ਦੌਰਾਨ ਸੂਚਨਾ ਮਿਲ ਰਹੀ ਹੈ ਕਿ ਸੀ.ਐਮ ਮਾਨ ਨਾਲ ਇੱਕ ਸੀਨੀਅਰ ਆਗੂ ਦੀ ਮੀਟਿੰਗ ਵੀ ਚੱਲ ਰਹੀ ਹੈ। ਜਲਦੀ ਹੀ ਉਹ ਆਪ ਦਾ ਪੱਲਾ ਫੜ ਸਕਦਾ ਹੈ। ਦੱਸ ਦੇਈਏ ਕਿ 'ਆਪ' ਦੇ ਉਮੀਦਵਾਰ ਮਹਿੰਦਰ ਭਗਤ ਹਨ।
ਮਹਿੰਦਰ ਭਗਤ ਨੇ 2022 ਵਿੱਚ 33 ਹਜ਼ਾਰ ਵੋਟਾਂ ਲਈਆਂ ਸਨ
ਮਹਿੰਦਰ ਭਗਤ ਨੇ 2022 ਵਿਚ ਭਾਜਪਾ ਦੀ ਟਿਕਟ 'ਤੇ ਚੋਣ ਲੜੀ ਸੀ ਅਤੇ ਤੀਜੇ ਨੰਬਰ 'ਤੇ ਰਹੇ ਸਨ। ਉਦੋਂ ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਸ਼ੀਤਲ ਅੰਗੁਰਾਲ ਨਾਲ ਸੀ। ਸ਼ੀਤਲ ਨੇ 39001 ਵੋਟਾਂ ਨਾਲ ਜਿੱਤ ਦਰਜ ਕੀਤੀ ਅਤੇ ਮਹਿੰਦਰ ਨੂੰ 33279 ਵੋਟਾਂ ਮਿਲੀਆਂ। ਹੁਣ ਫਿਰ ਸ਼ੀਤਲ ਅਤੇ ਮਹਿੰਦਰ ਵਿਚਕਾਰ ਮੁਕਾਬਲਾ ਹੈ ਪਰ ਇਸ ਵਾਰ ਦੋਵਾਂ ਦੀਆਂ ਪਾਰਟੀਆਂ ਬਦਲ ਗਈਆਂ ਹਨ। ਇਸ ਵਾਰ ਸ਼ੀਤਲ ਭਾਜਪਾ ਤੋਂ ਅਤੇ ਭਗਤ 'ਆਪ' ਤੋਂ ਚੋਣਾਂ ਲੜ ਰਹੇ ਹਨ। ਦੇਖਣਾ ਇਹ ਹੋਵੇਗਾ ਕਿ ਕੀ ਇਸ ਵਾਰ ਭਗਤ ਭਾਈਚਾਰੇ ਦੀਆਂ ਵੋਟਾਂ ਮਹਿੰਦਰ ਦੇ ਨਾਲ ਜਾਣਗੀਆਂ ਜਾਂ ਭਾਜਪਾ ਦੇ ਖਾਤੇ ਵਿੱਚ ਹੀ ਰਹਿਣਗੀਆਂ।