ਜਲੰਧਰ ਦੇ ਇੱਕ ਨੌਜਵਾਨ ਦਾ ਉਸ ਦੇ ਦੋਸਤਾਂ ਨੇ ਹੀ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ 29 ਸਾਲਾ ਜਸਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਲੋਹੀਆਂ ਦੇ ਕੁਤਬੀਵਾਲ ਦਾ ਰਹਿਣ ਵਾਲਾ ਸੀ। ਉਕਤ ਵਿਅਕਤੀ ਦੀ ਮ੍ਰਿਤਕ ਦੇਹ ਕਪੂਰਥਲਾ ਦੇ ਪਿੰਡ ਜੱਬੋਵਾਲ ਦੀ ਸੜਕ 'ਤੇ ਪਈ ਮਿਲੀ। ਪੀੜਤ ਪਰਿਵਾਰ ਨੇ ਇਸ ਵਾਰਦਾਤ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਘਰੋਂ ਲਿਜਾ ਕੇ ਦੋਸਤਾਂ ਨੇ ਹੀ ਕਰ ਦਿੱਤਾ ਕਤਲ
ਮ੍ਰਿਤਕ ਦੇ ਭਰਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਜਸਵਿੰਦਰ ਦੇ ਦੋਸਤ ਉਸ ਨੂੰ ਲੈਣ ਲਈ ਘਰ ਆਏ ਸਨ। ਉਹ ਮੇਰੇ ਭਰਾ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਏ ਕਿ ਉਨ੍ਹਾਂ ਨੂੰ ਕੋਈ ਜ਼ਰੂਰੀ ਕੰਮ ਹੈ, ਜਿਸ ਤੋਂ ਬਾਅਦ ਸਾਨੂੰ ਕਥਿਤ ਮੁਲਜ਼ਮਾਂ ਦਾ ਫੋਨ ਆਇਆ ਕਿ ਤੁਹਾਡੇ ਪੁੱਤਰ ਜਸਵਿੰਦਰ ਸਿੰਘ ਦਾ ਕਤਲ ਹੋ ਗਿਆ ਹੈ, ਉਸ ਦੀ ਲਾਸ਼ ਪਿੰਡ ਜੱਬੋਵਾਲ ਤੋਂ ਪਿੰਡ ਰਾਮੇ (ਥਾਣਾ ਸੁਲਤਾਨਪੁਰ ਲੋਧੀ) ਨੂੰ ਜਾਂਦੀ ਸੜਕ 'ਤੇ ਪਈ ਹੈ, ਆਓ ਅਤੇ ਉਸ ਨੂੰ ਲੈ ਜਾਓ।
ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ
ਉਨ੍ਹਾਂ ਅੱਗੇ ਕਿਹਾ ਕਿ ਜਿਸ ਤੋਂ ਬਾਅਦ ਜਦੋਂ ਅਸੀਂ ਪੰਚਾਇਤ ਨਾਲ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਜਸਵਿੰਦਰ ਉੱਥੇ ਖੂਨ ਨਾਲ ਲੱਥਪੱਥ ਪਿਆ ਸੀ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਸ ਕਰ ਰਹੀ ਮਾਮਲੇ ਦੀ ਜਾਂਚ
ਇਸ ਸਬੰਧੀ ਪੀੜਤ ਪਰਿਵਾਰ ਨੇ ਸੁਲਤਾਨਪੁਰ ਲੋਧੀ ਥਾਣੇ ਵਿੱਚ ਮਾਮਲਾ ਦਰਜ ਕਰਵਾਇਆ। ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਦੂਜੇ ਪਾਸੇ ਜਦੋਂ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਸੁਲਤਾਨਪੁਰ ਲੋਧੀ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।