ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਸੁਪਰਹਿੱਟ ਜੋੜੀ ਨੇ ਇਕ ਵਾਰ ਫਿਰ ਕਮਾਲ ਕਰ ਦਿਖਾਇਆ ਹੈ। ਦੱਸ ਦੇਈਏ ਕਿ ਪੰਜਾਬੀ ਫਿਲਮ ਜੱਟ ਐਂਡ ਜੂਲੀਅਟ 3 ਸਿਨੇਮਾਘਰਾਂ ਵਿੱਚ ਖੂਬ ਧਮਾਲਾਂ ਮਚਾ ਰਹੀ ਹੈ ਤੇ ਦਰਸ਼ਕ ਇਸ ਫਿਲਮ ਨੂੰ ਵੀ ਪਹਿਲੀਆਂ ਫਿਲਮਾਂ ਤੋਂ ਵੱਧ ਪਿਆਰ ਦੇ ਰਹੇ ਹਨ।
3 ਦਿਨਾਂ ਵਿੱਚ ਰਿਕਾਰਡ ਤੋੜ ਕਮਾਈ
ਜੱਟ ਐਂਡ ਜੂਲੀਅਟ 3 ਫਿਲਮ ਨੂੰ ਬਾਕਸ ਆਫਿਸ ‘ਤੇ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਰਿਪੋਰਟ ਮੁਤਾਬਕ ਫਿਲਮ ਨੇ 3 ਦਿਨਾਂ ਵਿੱਚ ਰਿਕਾਰਡ ਤੋੜ ਕਮਾਈ ਕੀਤੀ ਹੈ। ਜੱਟ ਐਂਡ ਜੂਲੀਅਟ 3 ਦੇ ਬਾਕਸ ਆਫਿਸ ਕੁਲੈਕਸ਼ਨ ਦੀ ਤੀਜੇ ਦਿਨ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਇਸਦੀ ਕੁਲੈਕਸ਼ਨ ਲਗਭਗ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਹਾਲਾਂਕਿ, ਇਸਦੇ ਤਿੰਨ ਦਿਨਾਂ ਦੇ ਵਿਦੇਸ਼ੀ ਬਾਕਸ ਆਫਿਸ ਕਲੈਕਸ਼ਨ ਦਾ ਡਾਟਾ ਅਜੇ ਸਾਹਮਣੇ ਨਹੀਂ ਆਇਆ ਹੈ।
ਪਹਿਲੇ ਦੋ ਦਿਨਾਂ ਦੀ ਕਮਾਈ
ਪਹਿਲੇ ਦੋ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਫ਼ਿਲਮ ਨੇ ਪਹਿਲੇ ਦਿਨ 10.76 ਕਰੋੜ ਰੁਪਏ ਦੀ ਵਰਲਡਵਾਈਡ ਕਮਾਈ ਕੀਤੀ, ਜਿਸ ‘ਚ 4.13 ਕਰੋੜ ਰੁਪਏ ਭਾਰਤ ਤੇ 6.63 ਕਰੋੜ ਰੁਪਏ ਓਵਰਸੀਜ਼ ਦੇ ਸ਼ਾਮਲ ਹਨ। ਉਥੇ ਦੂਜੇ ਦਿਨ ਫ਼ਿਲਮ ਨੇ ਕੁਲ 11.65 ਕਰੋੜ ਰੁਪਏ ਕਮਾਏ, ਜਿਸ ‘ਚ 4.72 ਕਰੋੜ ਰੁਪਏ ਭਾਰਤ ਤੇ 6.93 ਕਰੋੜ ਰੁਪਏ ਓਵਰਸੀਜ਼ ਦੀ ਕਮਾਈ ਸ਼ਾਮਲ ਹੈ।
ਬਾਕਸ ਆਫਿਸ ‘ਤੇ ਕੀਤੀ ਖੂਬ ਕਮਾਈ
ਪੰਜਾਬੀ ਫਿਲਮ ਜੱਟ ਐਂਡ ਜੂਲੀਅਟ 3 ਦਾ ਬਜਟ ਸਿਰਫ 10 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਇਸ ਤਰ੍ਹਾਂ ਫਿਲਮ ਤਿੰਨ ਦਿਨਾਂ ‘ਚ ਆਪਣੇ ਬਜਟ ਤੋਂ ਤਿੰਨ ਗੁਣਾ ਕਮਾਈ ਕਰਨ ਜਾ ਰਹੀ ਹੈ। ਇੱਕ ਵਾਰ ਫਿਰ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨੇ ਪੰਜਾਬੀ ਬਾਕਸ ਆਫਿਸ ‘ਤੇ ਹਲਚਲ ਮਚਾ ਦਿੱਤੀ ਹੈ।
ਜੱਟ ਐਂਡ ਜੂਲੀਅਟ 3 ਦੇ ਨਿਰਮਾਤਾ
ਇਸ ਫਿਲਮ ਦੇ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਹਨ। ਫਿਲਮ ਦੇ ਨਿਰਮਾਤਾਵਾਂ ਵਿੱਚ ਬਲਵਿੰਦਰ ਸਿੰਘ, ਦਿਨੇਸ਼ ਔਲਖ, ਗੁਣਬੀਰ ਸਿੰਘ ਸਿੱਧੂ, ਮਨਮੋਰਦ ਸਿੰਘ ਸਿੱਧੂ ਅਤੇ ਦਿਲਜੀਤ ਦੋਸਾਂਝ ਖੁਦ ਵੀ ਸ਼ਾਮਲ ਹਨ। ਇਸ ਪੰਜਾਬੀ ਫਿਲਮ ਵਿੱਚ ਦਿਲਜੀਤ ਦੋਸਾਂਝ, ਨੀਰੂ ਬਾਜਵਾ, ਜੈਸਮੀਨ ਬਾਜਵਾ, ਰਾਣਾ ਰਣਬੀਰ, ਬੀਐਨ ਸ਼ਰਮਾ, ਨਸੀਰ ਚਿਨਯੋਤੀ, ਅਕਰਮ ਉਦਾਸ ਅਤੇ ਹਰਦੀਪ ਗਿੱਲ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।