ਸ੍ਰੀ ਆਨੰਦਪੁਰ ਸਾਹਿਬ ਵਿਖੇ ਅੱਜ ਦੇ ਦਿਨ ਹੀ 13 ਅਪ੍ਰੈਲ 1699 ਵਿਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਪਾਹੁਲ ਛਕਾ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਵਿਸਾਖੀ ਦਾ ਤਿਉਹਾਰ ਭਾਰਤੀ ਇਤਿਹਾਸ 'ਚ ਵਿਸ਼ੇਸ਼ ਮਹੱਤਤਾ ਰੱਖਦਾ ਹੈ, ਖ਼ਾਸ ਕਰਕੇ ਸਿੱਖ ਧਰਮ ਵਿਚ।
ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਸਾਜਿਆ। ਗੁਰੂ ਜੀ ਨੇ ਸੰਗਤਾਂ ਵਿਚੋਂ ਪੰਜ ਸਿਰਾਂ ਦੀ ਮੰਗ ਕੀਤੀ ਤੇ ਗੁਰੂ ਸਾਹਿਬ ਨੇ ਭਾਈ ਦਇਆ ਸਿੰਘ , ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ , ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਜੀ ਨੂੰ ਸੁੰਦਰ ਪੋਸ਼ਾਕ ਪਵਾ ਕੇ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦਾ ਸਥਾਨ ਦਿੱਤਾ ਤੇ ਫਿਰ ਆਪ ਉਨ੍ਹਾਂ ਪਾਸੋਂ ਅੰਮ੍ਰਿਤ ਛਕਿਆ। ਇਸੇ ਤਰ੍ਹਾਂ ਗੁਰੂ ਜੀ ਵਲੋਂ ਗੁਰ ਚੇਲੇ ਦੀ ਪ੍ਰਥਾ ਨੂੰ ਖਤਮ ਕੀਤਾ ਗਿਆ ਤੇ ਪੰਜ ਪਿਆਰਿਆਂ ਨੂੰ ਹੁਕਮ ਦਿੱਤਾ ਕਿ ਮੈਨੂੰ ਵੀ ਅੰਮ੍ਰਿਤ ਸ਼ਕਾਓ ਤੇ ਮੇਰੇ 'ਤੇ ਵੀ ਖਾਲਸੇ ਦੀ ਮੋਹਰ ਲਗਾਓ। ਇਸੇ ਲਈ ਕਹਿੰਦੇ ਹਨ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਦਸੱਦੀਏ ਕਿ ਇਸ ਪਾਵਨ ਦਿਹਾੜੇ 'ਤੇ ਸ਼ਰਧਾਲੂ ਵਡੀ ਗਿਣਤੀ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ।
ਇਸ ਦਿਨ ਦਸਮੇਸ਼ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਣਾ ਕਰ ਕੇ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਇਕ ਕ੍ਰਾਂਤੀਕਾਰੀ ਅਧਿਆਏ ਸਿਰਜਿਆ। ਇਸ ਸਾਲ ਸਿੱਖ ਕੌਮ ਵੱਲੋਂ ਖਾਲਸਾ ਸਾਜਣਾ ਦਾ 325ਵਾਂ ਦਿਹਾੜਾ ਜਾਹੋ-ਜਲਾਲ ਨਾਲ ਮਨਾਇਆ ਜਾ ਰਿਹਾ ਹੈ।
ਵਿਸਾਖੀ ਪੰਜਾਬ ਅਤੇ ਉੱਤਰੀ ਭਾਰਤ ਦੇ ਹੋਰ ਖੇਤਰਾਂ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਨ ਵਾਢੀ ਦਾ ਤਿਉਹਾਰ ਹੈ। ਸਿੱਖ ਕੈਲੰਡਰ ਅਨੁਸਾਰ ਨਵੇਂ ਸਾਲ ਦੀ ਸ਼ੁਰੂਆਤ ਨੂੰ ਵੀ ਦਰਸਾਉਂਦੀ ਹੈ।
ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ
1699 ਵਿੱਚ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿੱਚ ਇੱਕ ਮਹਾ ਸਭਾ ਬੁਲਾਈ ਸੀ, ਇਸ ਸਭਾ 'ਚ ਵੱਖ-ਵੱਖ ਥਾਵਾਂ ਤੋਂ ਲਗਭਗ 80 ਹਜ਼ਾਰ ਸਿੱਖ ਇਕੱਠੇ ਹੋਏ। ਜਦੋਂ ਸਭਾ ਸ਼ੁਰੂ ਹੋਈ ਤਾਂ ਗੁਰੂ ਸਾਹਿਬ ਨੇ ਮਿਆਨ ਵਿਚੋਂ ਤਲਵਾਰ ਕੱਢਦੇ ਹੋਏ ਕਿਹਾ, ਹੈ ਕੋਈ ਅਜਿਹਾ ਸਿੱਖ ਜੋ ਧਰਮ ਲਈ ਆਪਣੇ ਪ੍ਰਾਣਾਂ ਦਾ ਬਲਿਦਾਨ ਦੇ ਸਕੇ। ਇਹ ਸੁਣ ਕੇ ਸਭਾ ਸ਼ਾਂਤ ਹੋ ਗਏ ਅਤੇ ਪੰਜ ਸਿੱਖ ਵਾਰੋ ਵਾਰੀ ਉੱਠੇ ਅਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਆਪਣਾ ਆਪ ਸੌਂਪ ਦਿੱਤਾ। ਉਹ ਪੰਜ ਪਿਆਰੇ ਸਨ ਭਾਈ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ। ਅਸਲ ਵਿੱਚ ਇਹ ਸਿੱਖਾਂ ਦੀ ਦਲੇਰੀ ਦਾ ਇਮਤਿਹਾਨ ਸੀ।
ਗੁਰੂ ਸਾਹਿਬ ਨੇ ਉਨ੍ਹਾਂ ਪੰਜਾ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੀ ਪਦਵੀ ਦਿੱਤੀ ਅਤੇ ਬਾਅਦ ਵਿੱਚ ਉਨ੍ਹਾਂ ਪਾਸੋਂ ਆਪ ਅੰਮ੍ਰਿਤ ਛਕਿਆ। ਖਾਲਸੇ ਦੀ ਸਥਾਪਨਾ ਕਰ ਕੇ ਗੁਰੂ ਸਾਹਿਬ ਨੇ ਇੱਕ ਨਵਾਂ ਪੰਥ ਸਿਰਜਿਆ ਅਤੇ ਜਾਤ-ਪਾਤ, ਰੰਗ-ਭੇਦ ਆਦਿ ਦੇ ਵਿਤਕਰੇ ਨੂੰ ਖਤਮ ਕਰ ਦਿੱਤਾ। ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ ਮਰਦਾਂ ਦੇ ਨਾਂਅ ਪਿੱਛੇ ‘ਸਿੰਘ’ ਅਤੇ ਔਰਤਾਂ ਦੇ ਨਾਂਅ ਪਿੱਛੇ ‘ਕੌਰ’ ਲਗਾਉਣ ਦਾ ਹੁਕਮ ਦਿੱਤਾ। ਅੰਮ੍ਰਿਤ ਛਕਾਉਣ ਤੋਂ ਬਾਅਦ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ ਹਰ ਸਿੱਖ ਦੀ ਪੋਸ਼ਾਕ ਦਾ ਜ਼ਰੂਰੀ ਹਿੱਸਾ ਬਣ ਗਿਆ।
ਵਿਸਾਖੀ ਦਾ ਅਰਥ
ਵਿਸਾਖੀ ਦਾ ਸ਼ਬਦੀ ਅਰਥ ਮਧਾਣੀ ਵੀ ਕਿਹਾ ਜਾਂਦਾ ਹੈ ਪਰ ਜ਼ਿਆਦਾਤਰ ਲੋਕ ਇਸ ਬਾਰੇ ਨਹੀਂ ਜਾਣਦੇ । ਇਸ ਤੋਂ ਇਲਾਵਾ ਸੱਭਿਆਚਾਰਕ ਪੱਖ ਤੋਂ ਕਿਸਾਨ ਅਪ੍ਰੈਲ ਮਹੀਨੇ ਪੁੱਤਾਂ ਵਾਂਗ ਪਾਲੀ ਕਣਕ ਨੂੰ ਵੇਖ ਕੇ ਖੁਸ਼ ਹੁੰਦਾ ਹੈ ਅਤੇ ਜਸ਼ਨ ਮਨਾਉਂਦਾ ਤੇ ਭੰਗੜੇ ਪਾਉਂਦਾ ਹੈ। ਵਿਸਾਖੀ ਮੌਕੇ ਪੰਜਾਬ ਵਿੱਚ ਬਹੁਤ ਸਾਰੀਆਂ ਥਾਵਾਂ ਉੱਤੇ ਸੱਭਿਆਚਾਰਕ ਪ੍ਰੋਗਰਾਮ ਵੀ ਉਲੀਕੇ ਜਾਂਦੇ ਹਨ ਤੇ ਮੇਲੇ ਵੇਖਣਯੋਗ ਹੁੰਦੇ ਹਨ।
ਮੁੱਕ ਗਈ ਕਣਕਾਂ ਦੀ ਰਾਖੀ, ਜੱਟਾ ਆਈ ਵਿਸਾਖੀ
ਵਿਸਾਖੀ ਉਤੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਉਹ ਫਸਲਾਂ ਦੀ ਵਾਢੀ ਕਰ ਕੇ ਮੰਡੀ ਵਿਚ ਉਨਾਂ ਨੂੰ ਫਸਲਾਂ ਦਾ ਮੁੱਲ ਮਿਲਦਾ ਹੈ।ਇਸ ਕਾਰਨ ਕਿਸਾਨ ਵਿਸਾਖੀ ਦਾ ਤਿਉਹਾਰ ਬਹੁਤ ਧੂਮ-ਧਾਮ ਨਾਲ ਮਨਾਉਂਦੇ ਹਨ। ਰੱਬ ਦਾ ਸ਼ੁਕਰਾਨਾ ਕਰਦੇ ਹੋਏ ਕਿਸਾਨ ਇਸ ਦਿਨ ਖੁਸ਼ੀ ਵਿੱਚ ਭੰਗੜਾ ਪਾਉਂਦੇ ਹਨ। ਇਹ ਤਿਉਹਾਰ ਕਿਸਾਨਾਂ ਲਈ ਹੀ ਨਹੀਂ ਸਗੋਂ ਸਿੱਖ ਕੌਮ ਵਿੱਚ ਵੀ ਧਾਰਮਿਕ ਮਹੱਤਵ ਰੱਖਦਾ ਹੈ।
ਜਲਿਆਂਵਾਲਾ ਬਾਗ ਅੰਮ੍ਰਿਤਸਰ ਗੋਲੀ ਕਾਂਡ
13 ਅਪ੍ਰੈਲ 1919 ਦਾ ਉਹ ਦਿਨ ਜੋ ਕੋਈ ਨਹੀਂ ਭੁੱਲ ਸਕਦਾ। ਅੱਜ ਦੇ ਹੀ ਦਿਨ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ਼ ਵਿਖੇ ਹਜ਼ਾਰਾਂ ਮਾਸੂਮ ਲੋਕਾਂ ਨੂੰ ਆਪਣੀ ਜਾਨ ਗੁਆਣੀ ਪਈ ਸੀ। ਇਸੇ ਦਿਨ 1919 'ਚ ਪੰਜਾਬ ਦੇ ਅੰਮ੍ਰਿਤਸਰ ਵਿਖੇ rowlett ਐਕਟ ਦਾ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿਸਿਆਂ ਤੋਂ ਆਏ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ। ਵਿਸਾਖੀ ਦਾ ਦਿਨ ਸੀ ਲੋਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਜਲਿਆਂਵਾਲਾ ਬਾਗ਼ ਵਿਖੇ ਇਕੱਠੇ ਹੋਣ ਲਗੇ। ਕੁਝ ਹੀ ਸਮੇਂ 'ਚ ਹਜ਼ਾਰਾਂ ਲੋਕ ਜਲਿਆਂਵਾਲਾ ਬਾਗ਼ ਵਿਖੇ ਇਕੱਠੇ ਹੋ ਗਏ। ਉਸੇ ਦੌਰਾਨ ਬ੍ਰਿਗੇਡੀਅਰ ਜਨਰਲ ਡਾਇਰ ਜਲਿਆਂਵਾਲਾ ਬਾਗ਼ ਵਿਖੇ ਆ ਪਹੁੰਚਿਆ ਤੇ ਉਸ ਨੇ ਜਦ ਵੇਖਿਆ ਕਿ ਲੋਕ ਇਕੱਠੇ ਹੋਏ ਹਨ ਤੇ ਉਨ੍ਹਾਂ ਵਲੋਂ ਕੋਈ ਮੀਟਿੰਗ ਕੀਤੀ ਜਾ ਰਹਿ ਹੈ। ਗੁੱਸੇ 'ਚ ਆਏ ਬ੍ਰਿਗੇਡੀਅਰ ਜਨਰਲ ਡਾਇਰ ਨੇ ਪੁਲਸ ਦੇ ਨਾਲ ਜਲਿਆਂਵਾਲਾ ਬਾਗ਼ ਵਿਚ 'fire'.. ਕਹਿੰਦਿਆਂ ਹੀ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਕੋ ਹੀ ਝਟਕੇ 'ਚ ਹਜ਼ਾਰਾਂ ਜ਼ਿੰਦਗੀਆਂ ਖਤਮ ਹੋ ਗਈਆਂ। ਆਪਣੀ ਜਾਨ ਬਚਾਉਣ ਲਈ ਲੋਕਾਂ ਨੇ ਉਥੇ ਦੇ ਖੂਹ 'ਚ ਛਾਲ ਮਾਰ ਦਿੱਤੀ। ਭਾਵੇਂ ਹੀ ਅੱਜ ਜਲਿਆਂਵਾਲਾ ਬਾਗ਼ ਕਾਂਡ ਨੂੰ ਲੰਬਾ ਅਰਸਾ ਬੀਤ ਗਿਆ ਹੋਏ ਪਰ ਉਥੇ ਮੌਜੂਦ ਗੋਲੀਆਂ ਦੇ ਨਿਸ਼ਾਨ ਅੱਜ ਵੀ ਉਸ ਕਾਂਡ ਦੀ ਯਾਦ ਦਿਵਾਉਂਦੇ ਹਨ।
13 ਅਪ੍ਰੈਲ 1919 ਦੀ ਵਿਸਾਖੀ ਨੂੰ ਹੀ ਜਲਿਆਂਵਾਲੇ ਬਾਗ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਨਿਹੱਥੇ ਲੋਕਾਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਇਸ ਸਾਕੇ ਵਿੱਚ ਕਰੀਬ 20,000 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ ਬੱਚੇ, ਔਰਤਾਂ, ਬਜ਼ੁਰਗ ਆਦਿ ਸ਼ਾਮਿਲ ਸਨ। ਇਸ ਸਾਕੇ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।