ਖ਼ਬਰਿਸਤਾਨ ਨੈੱਟਵਰਕ: ਹਰਿਆਣਾ ਸਰਕਾਰ ਸ੍ਰੀ ਆਨੰਦਪੁਰ ਸਾਹਿਬ ਸਥਿਤ ਵਿਰਾਸਤ-ਏ-ਖਾਲਸਾ ਦੀ ਤਰਜ਼ ’ਤੇ ਕੁਰੂਕਸ਼ੇਤਰ ਵਿੱਚ ਤਿੰਨ ਏਕੜ ਵਿੱਚ ਸਿੱਖ ਅਜਾਇਬ ਘਰ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਕੁਰੂਕਸ਼ੇਤਰ ’ਚ ਪੰਜ ਏਕੜ ਵਿੱਚ ਗੁਰੂ ਰਵਿਦਾਸ ਅਜਾਇਬ ਘਰ ਅਤੇ ਭਵਨ ਬਣਾਉਣ ’ਤੇ ਵੀ ਕੰਮ ਕਰ ਰਹੀ ਹੈ। 2027 ’ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦੇ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੰਜਾਬੀਆਂ ਨੂੰ ਲੁਭਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ।
ਨਵੰਬਰ 'ਚ ਰੱਖੀ ਜਾਵੇਗੀ ਅਜਾਇਬ ਘਰ ਦੀ ਨੀਂਹ
ਸੈਣੀ ਸਰਕਾਰ ਨੇ ਇਸ ਅਜਾਇਬ ਘਰ ਲਈ ਸਲਾਹਕਾਰ ‘ਸਪਲੈੱਟ ਮੀਡੀਆ’ ਨੂੰ ਕੰਮ ਸੌਂਪਿਆ ਹੈ । ਇਸ ’ਤੇ 115 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਆਉਣ ਦੀ ਸੰਭਾਵਨਾ ਹੈ। ਅਜਾਇਬ ਘਰ ਦੀ ਨੀਂਹ ਨਵੰਬਰ ਵਿੱਚ ਰੱਖੀ ਜਾਵੇਗੀ ਅਤੇ ਇਸ ਨੂੰ ਦੋ ਸਾਲਾਂ ਵਿੱਚ ਤਿਆਰ ਕਰਕੇ ਦਰਸ਼ਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਅਜਾਇਬ ਘਰ ਵਿੱਚ ਸਿੱਖ ਧਰਮ ਦੀ ਬੁਨਿਆਦ, ਖਾਲਸਾ ਪੰਥ ਦੀ ਸਥਾਪਨਾ ਤੇ ਉਭਾਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅਧੀਨ ਸਿੱਖ ਸਾਮਰਾਜ ਬਾਰੇ ਚਾਨਣਾ ਪਾਇਆ ਜਾਵੇਗਾ। ਇਸ ਵਿੱਚ ਆਡੀਓ ਵਿਜ਼ੂਅਲ ਸਾਧਨਾਂ ਦੀ ਵਰਤੋਂ ਕਰ ਕੇ ਸਮਕਾਲੀ ਆਲਮੀ ਸਿੱਖ ਪਛਾਣ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ।
ਹਰਿਆਣਾ ਸਰਕਾਰ ਨੇ ਗੁਰੂ ਰਵਿਦਾਸ ਅਜਾਇਬ-ਘਰ ਅਤੇ ਭਵਨ ਦੀ ਉਸਾਰੀ ਦੀ ਪ੍ਰਕਿਰਿਆ ਵਿੱਚ ਵੀ ਤੇਜ਼ੀ ਲਿਆਂਦੀ ਹੈ। ਮੁੱਖ ਮੰਤਰੀ ਸੈਣੀ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਮਨਾਉਣ ਵਾਸਤੇ ਹਰਿਆਣਾ ਵਿੱਚ ਨਵੰਬਰ ਮਹੀਨੇ ਹੋਣ ਵਾਲੇ ਸਮਾਗਮਾਂ ’ਤੇ ਚਰਚਾ ਸਬੰਧੀ ਪਿਛਲੇ ਹਫ਼ਤੇ ਹੋਈ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ ਸੀ।