ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਭਲਕੇ ਕੀਤਾ ਜਾਵੇਗਾ। ਲੋਕ ਸਭਾ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਚੋਣ ਕਮਿਸ਼ਨ ਭਲਕੇ ਦੁਪਹਿਰ 3 ਵਜੇ ਪ੍ਰੈੱਸ ਕਾਨਫਰੰਸ ਕਰੇਗਾ, ਜਿਸ ਵਿੱਚ ਉਹ ਦੱਸਣਗੇ ਕਿ ਦੇਸ਼ ਵਿੱਚ ਲੋਕ ਸਭਾ ਚੋਣਾਂ ਕਿਸ ਦਿਨ ਹੋਣਗੀਆਂ ਅਤੇ ਚੋਣ ਜ਼ਾਬਤਾ ਕਦੋਂ ਲਾਗੂ ਹੋਵੇਗਾ।
ਅੱਜ 2 ਨਵੇਂ ਚੋਣ ਕਮਿਸ਼ਨਰਾਂ ਨੇ ਸੰਭਾਲਿਆ ਅਹੁਦਾ
ਅੱਜ ਹੀ ਚੋਣ ਕਮਿਸ਼ਨ ਨੇ ਦੋ ਨਵੇਂ ਕਮਿਸ਼ਨਰਾਂ ਨੂੰ ਆਪਣੇ ਅਹੁਦਿਆਂ ਦਾ ਚਾਰਜ ਸੰਭਾਲਣ ਲਈ ਨਾਮਜ਼ਦ ਕੀਤਾ ਹੈ। ਸਾਬਕਾ ਆਈਏਐਸ ਅਧਿਕਾਰੀ ਗਿਆਨੇਸ਼ ਕੁਮਾਰ ਅਤੇ ਸੁਖਬੀਰ ਸੰਧੂ ਨਵੇਂ ਚੋਣ ਕਮਿਸ਼ਨਰ ਬਣੇ ਹਨ। ਸੁਖਬੀਰ ਉੱਤਰਾਖੰਡ ਦੇ ਮੁੱਖ ਸਕੱਤਰ ਅਤੇ NHAI ਦੇ ਚੇਅਰਮੈਨ ਰਹਿ ਚੁੱਕੇ ਹਨ। ਗਿਆਨੇਸ਼ ਕੁਮਾਰ ਕੇਰਲ ਕੇਡਰ ਦੇ 1988 ਬੈਚ ਦੇ ਆਈਏਐਸ ਅਧਿਕਾਰੀ ਹਨ।
ਗਿਆਨੇਸ਼ ਕੁਮਾਰ ਅਮਿਤ ਸ਼ਾਹ ਨਾਲ ਕੰਮ ਕਰ ਚੁੱਕੇ ਹਨ
ਗਿਆਨੇਸ਼ ਕੁਮਾਰ ਕੇਰਲ ਕੇਡਰ ਦੇ ਸੇਵਾਮੁਕਤ ਆਈਏਐਸ ਅਧਿਕਾਰੀ ਹਨ। ਜਦੋਂ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕਰਨ ਦਾ ਇਤਿਹਾਸਕ ਫੈਸਲਾ ਲਿਆ ਤਾਂ ਉਸ ਸਮੇਂ ਉਹ ਕੇਂਦਰੀ ਗ੍ਰਹਿ ਮੰਤਰਾਲੇ ਵਿੱਚ ਕਸ਼ਮੀਰ ਡਿਵੀਜ਼ਨ ਦੇ ਇੰਚਾਰਜ ਸਨ। ਮੋਦੀ ਸਰਕਾਰ ਨੇ 5 ਅਗਸਤ 2019 ਨੂੰ ਧਾਰਾ 370 ਨੂੰ ਖਤਮ ਕਰ ਦਿੱਤਾ ਸੀ। 1988 ਬੈਚ ਦੇ ਆਈਏਐਸ ਗਿਆਨੇਸ਼ ਕੁਮਾਰ ਨੂੰ ਮਈ 2022 ਵਿੱਚ ਸਹਿਕਾਰਤਾ ਮੰਤਰਾਲੇ ਦਾ ਸਕੱਤਰ ਬਣਾਇਆ ਗਿਆ ਸੀ।
ਗਿਆਨੇਸ਼ ਕੁਮਾਰ ਦੀ ਸਰਵਿਸ ਸੇਵਾਮੁਕਤੀ ਦੀ ਉਮਰ ਤੋਂ ਬਾਅਦ ਵੀ ਬਰਕਰਾਰ ਰਹੀ। ਉਹ 31 ਜਨਵਰੀ 2024 ਨੂੰ ਸੇਵਾਮੁਕਤ ਹੋਏ। ਧਿਆਨ ਰਹੇ ਕਿ ਪਹਿਲਾਂ ਗ੍ਰਹਿ ਮੰਤਰਾਲਾ ਅਤੇ ਫਿਰ ਸਹਿਕਾਰਤਾ ਮੰਤਰਾਲਾ ਦੋਹਾਂ ਦੇ ਸਕੱਤਰ ਦੇ ਰੂਪ 'ਚ ਉਨ੍ਹਾਂ ਨੇ ਮੰਤਰੀ ਅਮਿਤ ਸ਼ਾਹ ਨਾਲ ਕੰਮ ਕੀਤਾ। ਸ਼ਾਹ ਇਨ੍ਹਾਂ ਦੋਵਾਂ ਮੰਤਰਾਲਿਆਂ ਵਿੱਚ ਮੰਤਰੀ ਹਨ।
ਕੌਣ ਹੈ ਸੁਖਬੀਰ ਸੰਧੂ, ਜਾਣੋ
ਸੁਖਬੀਰ ਸੰਧੂ 1998 ਬੈਚ ਦੇ ਸੇਵਾਮੁਕਤ ਆਈਏਐਸ ਅਧਿਕਾਰੀ ਹਨ। ਜਦੋਂ 2021 ਵਿੱਚ ਪੁਸ਼ਕਰ ਸਿੰਘ ਧਾਮੀ ਨੂੰ ਉੱਤਰਾਖੰਡ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ ਤਾਂ ਸੁਖਬੀਰ ਸੰਧੂ ਸੂਬੇ ਦੇ ਮੁੱਖ ਸਕੱਤਰ ਦੇ ਅਹੁਦੇ 'ਤੇ ਸਨ। ਇਸ ਤੋਂ ਪਹਿਲਾਂ, ਸੰਧੂ ਨੇ NHAI ਦੇ ਚੇਅਰਮੈਨ ਤੇ HRD ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਵਿੱਚ ਵਧੀਕ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ।
ਸੁਖਬੀਰ ਸੰਧੂ ਨੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਐਮਬੀਬੀਐਸ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇਤਿਹਾਸ ਵਿੱਚ ਡਿਗਰੀ ਹੈ, ਉਨ੍ਹਾਂ ਨੇ ਕਾਨੂੰਨ ਦੀ ਡਿਗਰੀ ਵੀ ਹਾਸਲ ਕੀਤੀ। ਸੰਧੂ ਨੇ 'ਸ਼ਹਿਰੀ ਸੁਧਾਰ' ਅਤੇ 'ਨਗਰਪਾਲਿਕਾ ਪ੍ਰਬੰਧਨ ਅਤੇ ਸਮਰੱਥਾ ਨਿਰਮਾਣ' 'ਤੇ ਖੋਜ ਪੱਤਰ ਵੀ ਲਿਖੇ ਹਨ। ਸੰਧੂ ਨੂੰ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਸੇਵਾਵਾਂ ਬਦਲੇ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ।