ਕੈਨੇਡਾ ਦੇ ਸਰੀ ਵਿੱਚ ਪੰਜਾਬ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ 29 ਸਾਲਾ ਆਲਮਜੋਤ ਸਿੰਘ ਵਜੋਂ ਹੋਈ ਹੈ। ਆਲਮਜੋਤ ਲੁਧਿਆਣਾ ਦਾ ਰਹਿਣ ਵਾਲਾ ਸੀ। ਮ੍ਰਿਤਕ ਨੌਜਵਾਨ 2014 ਵਿੱਚ ਪਰਿਵਾਰ ਸਮੇਤ ਵਿਦੇਸ਼ ਗਿਆ ਸੀ।
ਐਤਵਾਰ ਨੂੰ ਨੌਜਵਾਨ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਆਲਮਜੋਤ ਦੇ ਮਾਤਾ ਰਵਿੰਦਰ ਕੌਰ ਉਸ ਨੂੰ ਜਗਾਉਣ ਲਈ ਉਸ ਦੇ ਕਮਰੇ ਵਿਚ ਗਏ ਤਾਂ ਉਨ੍ਹਾਂ ਵੇਖਿਆ ਲੜਕਾ ਬਿਸਤਰੇ ਤੋਂ ਡਿੱਗਿਆ ਹੋਇਆ ਸੀ। ਮੌਕੇ ’ਤੇ ਡਾਕਟਰੀ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਨੂੰ ਅਚਾਨਕ ਹਾਰਟ ਅਟੈਕ ਹੋਣ ਕਾਰਨ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਅਧਿਕਾਰੀਆ ਵੱਲੋਂ ਭੇਜ ਦਿੱਤਾ ਗਿਆ | ਪੁੱਤਰ ਦੀ ਮੌਤ ਕਾਰਨ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਕੈਨੇਡਾ 'ਚ 3 ਪੰਜਾਬੀ ਵਿਦਿਆਰਥੀਆਂ ਦੀ ਹੋਈ ਮੌਤ
ਇਸ ਤੋਂ ਪਹਿਲਾਂ 27 ਜੁਲਾਈ ਨੂੰ ਕੈਨੇਡਾ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ 3 ਪੰਜਾਬੀਆਂ ਦੀ ਮੌਤ ਹੋ ਗਈ ਸੀ। ਤਿੰਨੋਂ ਕੈਨੇਡਾ ਪੜ੍ਹਨ ਲਈ ਗਏ ਹੋਏ ਸਨ। ਮਰਨ ਵਾਲਿਆਂ ਵਿੱਚ ਇੱਕ ਭਰਾ ਅਤੇ ਭੈਣ ਵੀ ਸ਼ਾਮਲ ਹਨ। ਮੌਤ ਦੀ ਖਬਰ ਮਿਲਦੇ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਦੇ ਨਾਲ ਹੀ ਮੌਤ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।
ਕਾਰ ਦਾ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ
ਪ੍ਰਾਪਤ ਜਾਣਕਾਰੀ ਅਨੁਸਾਰ ਹਾਈਵੇਅ ’ਤੇ ਟਾਇਰ ਫਟਣ ਕਾਰਨ ਗੱਡੀ ਬੇਕਾਬੂ ਹੋ ਗਈ ਅਤੇ ਇਹ ਹਾਦਸਾ ਵਾਪਰ ਗਿਆ। ਪੁਲਸ ਮੁਤਾਬਕ ਹਾਦਸੇ ਸਮੇਂ ਤਿੰਨੋਂ ਵਿਅਕਤੀ ਗੱਡੀ ਤੋਂ ਹੇਠਾਂ ਡਿੱਗ ਗਏ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰੇਸ਼ਮ ਜੱਜ, ਬੁਰਕਾਰਾ ਨਿਵਾਸੀ ਨਵਜੋਤ ਸੋਮਲ ਅਤੇ ਹਰਮਨ ਵਜੋਂ ਹੋਈ ਹੈ। ਨਵਜੋਤ ਸੋਮਲ ਅਤੇ ਹਰਮਨ ਭੈਣ-ਭਰਾ ਸਨ ।
ਇਸ ਤੋਂ ਪਹਿਲਾਂ ਵੀ ਸੜਕ ਹਾਦਸੇ 'ਚ ਹੋਈ ਸੀ ਮੌਤ
ਦੱਸ ਦੇਈਏ ਕਿ 22 ਜੁਲਾਈ ਨੂੰ ਗੁਰਦਾਸਪੁਰ ਦੀ ਬਟਾਲਾ ਦੀ ਰਹਿਣ ਵਾਲੀ ਲਖਵਿੰਦਰ ਕੌਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਹ ਹਾਦਸਾ ਬੈਂਪਟਨ ਨੇੜੇ ਵਾਪਰਿਆ। ਉਸ ਦੇ ਨਾਲ ਦੋ ਹੋਰ ਲੜਕੀਆਂ ਦੀ ਵੀ ਮੌਤ ਹੋ ਗਈ ਸੀ |