ਜਲੰਧਰ ਦੇ ਆਦਰਸ਼ ਨਗਰ ਨੇੜੇ ਸਥਿਤ MGN ਸਕੂਲ ਵਿਵਾਦਾਂ ਵਿੱਚ ਉਸ ਵੇਲੇ ਘਿਰ ਗਿਆ, ਜਦੋਂ ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਨ 'ਤੇ ਆਈਡੀ ਕਾਰਡ ਫਾਰਮ ਉਤੋਂ ਸਿੱਖ ਸ਼ਬਦ ਹਟਾਉਣ ਦਾ ਦੋਸ਼ ਲਗਾਇਆ ਹੈ। ਇਸ ਤੋਂ ਬਾਅਦ ਬੱਚਿਆਂ ਦੇ ਮਾਪੇ ਸਕੂਲ ਪਹੁੰਚੇ ਅਤੇ ਭਾਰੀ ਹੰਗਾਮਾ ਕੀਤਾ। ਇਸ ਦੌਰਾਨ ਸਿੱਖ ਤਾਲਮੇਲ ਕਮੇਟੀ ਵੀ ਮੌਕੇ 'ਤੇ ਪਹੁੰਚ ਗਈ।
ਫਾਰਮ ਵਿੱਚ ਸਿੱਖ ਲਈ ਕੋਈ ਕਾਲਮ ਨਾ ਹੋਣ ਕਰ ਕੇ ਨਾਰਾਜ਼
ਸਿੱਖ ਤਾਲਮੇਲ ਕਮੇਟੀ ਦਾ ਕਹਿਣਾ ਹੈ ਕਿ ਆਈਡੀ ਫਾਰਮ 'ਤੇ ਸਿਰਫ਼ ਧਰਮ ਵਾਲੇ ਕਾਲਮ ਵਿਚ ਸਿਰਫ ਹਿੰਦੂ ਲਿਖਿਆ ਹੋਇਆ ਹੈ ਅਤੇ ਕਿਤੇ ਵੀ ਸਿੱਖ ਲਈ ਕੋਈ ਕਾਲਮ ਨਹੀਂ ਹੈ। ਇਸ ਸਬੰਧੀ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਮੇਟੀ ਨੇ ਚੇਤਾਵਨੀ ਦਿੱਤੀ ਕਿ ਉਨ੍ਹਾਂ ਸਾਰੇ ਸਕੂਲਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ ਜੋ ਫਾਰਮ ਵਿੱਚੋਂ ਸਿੱਖ ਸ਼ਬਦ ਹਟਾਉਂਦੇ ਹਨ।
ਪ੍ਰਿੰਸੀਪਲ ਨੇ ਮੰਨੀ ਗਲਤੀ
ਇਸ ਦੇ ਨਾਲ ਹੀ ਸਕੂਲ ਪ੍ਰਿੰਸੀਪਲ ਨੇ ਮੰਨਿਆ ਕਿ ਫਾਰਮਾਂ ਵਿੱਚ ਕੁਝ ਗਲਤੀ ਹੋਈ ਸੀ, ਜਿਸ ਨੂੰ ਠੀਕ ਕੀਤਾ ਜਾ ਰਿਹਾ ਹੈ। ਮਾਪਿਆਂ ਤੋਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਸੁਧਾਰ ਕੀਤੇ ਜਾ ਰਹੇ ਹਨ। ਇਹ ਫਾਰਮ ਕੇਂਦਰ ਤੋਂ ਆਏ ਸਨ ਅਤੇ ਬੱਚਿਆਂ ਨੂੰ ਭਰਨ ਲਈ ਦਿੱਤੇ ਗਏ ਸਨ। ਹਾਲਾਂਕਿ, ਕਾਫ਼ੀ ਹੰਗਾਮੇ ਤੋਂ ਬਾਅਦ, ਪ੍ਰਿੰਸੀਪਲ ਨੇ ਮਾਪਿਆਂ ਅਤੇ ਸਿੱਖ ਤਾਲਮੇਲ ਕਮੇਟੀ ਨੂੰ ਫਾਰਮ ਠੀਕ ਕਰਵਾਉਣ ਦਾ ਭਰੋਸਾ ਦਿੱਤਾ ਹੈ।