ਜਲੰਧਰ ਦੀ ਮਾਡਲ ਟਾਊਨ ਪੁਲਸ ਨੇ ਧੋਖਾਧੜੀ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ Fortune Hotel ਤੋਂ 15 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸੰਯੁਕਤ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨੀਂ ਥਾਣਾ ਮਾਡਲ ਟਾਊਨ ਪੁਲਸ ਨੂੰ ਇੱਕ ਧੋਖਾਧੜੀ ਦੇ ਮਾਮਲੇ 'ਚ ਸ਼ਿਕਾਇਤ ਮਿਲੀ ਸੀ ਕਿ ਵਿਦੇਸ਼ ਦੌਰੇ 'ਤੇ ਭੇਜਣ ਦੇ ਨਾਂਅ 'ਤੇ 3 ਲੱਖ 80 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ ਹੈ | ਪੀੜਤਾਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਏਸੀਪੀ ਨੇ ਫਾਰਚਿਊਨ ਹੋਟਲ ਤੋਂ 3 ਔਰਤਾਂ ਸਮੇਤ 15 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।
ਇਨ੍ਹਾਂ ਰਾਜਾਂ ਦੇ ਹਨ ਮੁਲਜ਼ਮ
ਸੰਦੀਪ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਮੱਧ ਪ੍ਰਦੇਸ਼, ਯੂ ਪੀ ਅਤੇ ਹਰਿਆਣਾ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ’ਚੋਂ 1 ਲੱਖ 90 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ।ਬੀਤੇ ਕੱਲ੍ਹ ਸ਼ਿਕਾਇਤ ਵਿੱਚ ਪੀੜਤ ਨੇ ਦੱਸਿਆ ਸੀ ਕਿ ਵਿਦੇਸ਼ੀ ਟੂਰ ਪੈਕੇਜ ਲਈ ਸੀ.ਐਮ.ਜੀ.ਬੀ.ਪੀ.ਐਲ ਨਾਮ ਦੀ ਕੰਪਨੀ ਖੋਲ੍ਹੀ ਹੋਈ ਸੀ।
ਫਰਜ਼ੀ ਨਾਂ ਤੋਂ ਚੱਲਾ ਰਹੇ ਸਨ ਕੰਪਨੀ
ਪੀੜਤ ਨੇ ਦੱਸਿਆ ਕਿ ਜਦੋਂ ਉਸ ਨੇ ਇੰਟਰਨੈੱਟ 'ਤੇ ਕੰਪਨੀ ਦੀ ਖੋਜ ਕੀਤੀ ਤਾਂ ਉਸ ਨੂੰ ਕੰਪਨੀ 'ਤੇ ਸ਼ੱਕ ਹੋਇਆ। ਇਸ ਦੌਰਾਨ ਇੰਟਰਨੈੱਟ 'ਤੇ ਕੰਪਨੀ ਬਾਰੇ ਕੁਝ ਨਾ ਦੇਖ ਕੇ ਉਸ ਨੂੰ ਸ਼ੱਕ ਹੋ ਗਿਆ। ਇਸ ਤੋਂ ਬਾਅਦ ਉਸ ਨੇ ਉਕਤ ਕੰਪਨੀ ਵੱਲੋਂ ਦੱਸੇ ਦਫ਼ਤਰ ਸਬੰਧੀ ਆਪਣੇ ਰਿਸ਼ਤੇਦਾਰ ਨਾਲ ਸੰਪਰਕ ਕੀਤਾ ਅਤੇ ਉਕਤ ਕੰਪਨੀ ਬਾਰੇ ਪਤਾ ਕਰਨ ਲਈ ਕਿਹਾ | ਜਦੋਂ ਉਸ ਦਾ ਰਿਸ਼ਤੇਦਾਰ ਉਕਤ ਕੰਪਨੀ ਦੇ ਦਫ਼ਤਰ ਗਿਆ ਤਾਂ ਉਸ ਨੂੰ ਤਾਲਾ ਲੱਗਿਆ ਹੋਇਆ ਮਿਲਿਆ।
ਇਸ ਦੌਰਾਨ ਜਦੋਂ ਉਸ ਨੇ ਗੁਆਂਢ ਤੋਂ ਦਫ਼ਤਰ ਬਾਰੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਪੁਲਸ ਵੀ ਕਈ ਵਾਰ ਉਸ ਦਫ਼ਤਰ ਵਿੱਚ ਆ ਚੁੱਕੀ ਹੈ।ਜਿਸ ਤੋਂ ਬਾਅਦ ਉਸ ਨੂੰ ਯਕੀਨ ਹੋ ਗਿਆ ਕਿ ਉਸ ਨਾਲ ਵੀ ਠੱਗੀ ਹੋਈ ਹੈ।
ਪੁਲਸ ਨੇ 15 ਨੂੰ ਕੀਤਾ ਗ੍ਰਿਫ਼ਤਾਰ
ਇਸ ਤੋਂ ਬਾਅਦ ਉਨ੍ਹਾਂ ਨੇ ਮਾਡਲ ਟਾਊਨ ਥਾਣੇ 'ਚ ਦੋਸ਼ੀਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ। ਸੰਦੀਪ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੇ ਫਾਰਚਿਊਨ ਹੋਟਲ 'ਚ ਕਿਰਾਏ 'ਤੇ ਹਾਲ ਲਿਆ ਸੀ। ਉੱਥੇ ਉਹ ਟੂਰ ਪੈਕੇਜ ਲਈ ਲੋਕਾਂ ਨਾਲ ਡੀਲ ਕਰਦੇ ਸਨ। ਇਸ ਦੌਰਾਨ ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਦਾ ਇਸ ਹੋਟਲ 'ਚ ਹੀ ਲੈਣ-ਦੇਣ ਸੀ, ਜਦਕਿ ਉਹ ਕਿਤੇ ਹੋਰ ਰਹਿੰਦੇ ਸਨ।