ਖ਼ਬਰਿਸਤਾਨ ਨੈੱਟਵਰਕ:ਚੀਨ 'ਚ ਭਾਰੀ ਮੀਂਹ ਅਤੇ ਭੂਮੀ ਦੇ ਖਿਸਕਣ ਕਾਰਨ ਭਿਆਨਕ ਤਬਾਹੀ ਹੋਈ ਹੈ। ਚੀਨ ਦੀ ਰਾਜਧਾਨੀ ਬੀਜਿੰਗ ਅਤੇ ਆਸ-ਪਾਸ ਦੇ ਇਲਾਕਿਆਂ 'ਚ ਹੜ੍ਹ ਕਾਰਨ 34 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 80 ਹਜ਼ਾਰ ਤੋਂ ਵੱਧ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ। ਬੁਲਡੋਜ਼ਰ ਦੀ ਮਦਦ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।
ਸਕੂਲ ਅਤੇ ਨੈੱਟਵਰਕ ਸੇਵਾਵਾਂ ਬੰਦ
ਬੀਜਿੰਗ ਦੇ ਨਾਲ ਲੱਗਦੇ ਹੇਬੇਈ ਸੂਬੇ ਦੇ ਲੁਆਨਪਿੰਗ ਕਾਉਂਟੀ ਵਿੱਚ ਸੋਮਵਾਰ ਨੂੰ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਲੋਕ ਲਾਪਤਾ ਹਨ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ 'ਚ ਨੈੱਟਵਰਕ ਬੰਦ ਹੈ, ਸੰਪਰਕ ਕਰਨਾ ਮੁਸ਼ਕਿਲ ਹੋ ਗਿਆ ਹੈ। ਬੀਜਿੰਗ ਪ੍ਰਸ਼ਾਸਨ ਨੇ ਬੀਤੇ ਦਿਨ ਟਾਪ ਲੈਵਲ ਐਮਰਜੈਂਸੀ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਸਾਰੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਉਸਾਰੀ ਦੇ ਕੰਮ ਅਤੇ ਬਾਹਰੀ ਗਤੀਵਿਧੀਆਂ 'ਤੇ ਵੀ ਪਾਬੰਦੀ ਲਗਾਈ ਗਈ ਹੈ।
ਆਵਾਜਾਈ ਠੱਪ
ਰਾਜਧਾਨੀ ਬੀਜਿੰਗ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਭਾਰੀ ਪਾਣੀ ਭਰਨ ਕਾਰਨ ਸਥਿਤੀ ਬੇਕਾਬੂ ਹੋ ਗਈ ਹੈ। ਪਾਣੀ ਭਰਨ ਅਤੇ ਜ਼ਮੀਨ ਖਿਸਕਣ ਕਾਰਨ ਦਰਜਨਾਂ ਸੜਕਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਕਾਰਨ ਆਵਾਜਾਈ ਠੱਪ ਹੋ ਗਈ ਹੈ। ਕਈ ਇਲਾਕਿਆਂ ਵਿੱਚ ਪਾਰਕਿੰਗ ਥਾਵਾਂ 'ਤੇ ਖੜ੍ਹੇ ਵਾਹਨ ਵੀ ਡੁੱਬੇ ਗਏ ਹਨ। ਬਚਾਅ ਕਰਮਚਾਰੀਆਂ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਤੋਂ ਪਲਾਸਟਿਕ ਬੇਸਿਨਾਂ ਰਾਹੀਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਕੱਢਿਆ। ਬੀਜਿੰਗ ਦੇ ਹੁਆਇਰੋ ਜ਼ਿਲ੍ਹੇ ਵਿੱਚ ਹੜ੍ਹ ਕਾਰਨ ਇੱਕ ਪੁਲ ਢਹਿ ਗਿਆ ਹੈ।