ਲੁਧਿਆਣਾ 'ਚ ਪੁਲਸ ਨੇ ਨਕਲੀ ਨੋਟ ਛਾਪਣ ਵਾਲੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਹ ਮਾਮਲਾ ਜਗਰਾਓਂ ਤੋਂ ਸਾਹਮਣੇ ਆਇਆ ਹੈ, ਜਿਥੇ ਪੁਲਸ ਨੇ ਨਕਲੀ ਨੋਟ ਛਾਪਣ ਦੇ ਮਾਸਟਰਮਾਈਂਡ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪਿਛਲੇ 7 ਮਹੀਨਿਆਂ ਤੋਂ ਫ਼ਰਾਰ ਸੀ, ਜਿਸ ਨੂੰ ਫੜਨ ਵਿੱਚ ਸੀਆਈਏ ਸਟਾਫ਼ ਦੀ ਪੁਲਸ ਨੇ ਸਫ਼ਲਤਾ ਹਾਸਲ ਕੀਤੀ ਹੈ।
ਪਛਾਣ
ਮੁਲਜ਼ਮ ਦੀ ਪਛਾਣ ਹਰਭਗਵਾਨ ਸਿੰਘ ਉਰਫ਼ ਮਿੱਠੂ ਵਾਸੀ ਪਿੰਡ ਬਘੇਲੇਵਾਲਾ ਮੋਗਾ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁੱਛਗਿੱਛ ਲਈ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਦੱਸ ਦੇਈਏ ਕਿ ਇੱਕ ਮੁਲਜ਼ਮ ਨੂੰ 7 ਮਹੀਨੇ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਦਾ ਮੰਨਣਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਹੋ ਸਕਦੇ ਹਨ, ਇਸ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ਼ ਦੇ ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਕਰੀਬ 7 ਮਹੀਨੇ ਪਹਿਲਾਂ ਪੁਲਸ ਨੇ ਜਾਅਲੀ ਨੋਟ ਛਾਪ ਕੇ ਸਪਲਾਈ ਕਰਨ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ। ਅੱਗੇ ਉਸ ਨੂੰ ਉਸ ਸਮੇਂ ਫੜਿਆ ਗਿਆ ਜਦੋਂ ਮੁਲਜ਼ਮ ਆਪਣੇ ਸਾਥੀ ਦੇ ਕਹਿਣ 'ਤੇ ਪਿੰਡ ਚੌਕੀਮਾਨ ਦੇ ਬੱਸ ਸਟੈਂਡ 'ਤੇ ਜਾਅਲੀ ਨੋਟ ਸਪਲਾਈ ਕਰਨ ਆਇਆ ਸੀ। ਇਸ ਤੋਂ ਪਹਿਲਾਂ ਕਿ ਮੁਲਜ਼ਮ ਆਪਣੇ ਗਾਹਕ ਨੂੰ ਨਕਲੀ ਨੋਟ ਸਪਲਾਈ ਕਰਦਾ, ਪੁਲਸ ਨੇ ਮੁਲਜ਼ਮ ਨੂੰ ਫੜ ਲਿਆ।
ਪੁਲਸ ਮੁੱਖ ਮੁਲਜ਼ਮ ਦੀ ਭਾਲ ਕਰ ਰਹੀ ਸੀ
ਪੁਲਸ ਨੇ ਮਾਸਟਰ ਮਾਈਂਡ ਸਮੇਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਵਿੱਚ ਕੇਸ ਦਰਜ ਕਰ ਲਿਆ ਸੀ। ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਉਰਫ ਬੰਗਾਲੀ ਵਾਸੀ ਪਿੰਡ ਲੰਡੇ ਅਤੇ ਹਰਭਗਵਾਨ ਸਿੰਘ ਉਰਫ ਮਿੱਠੂ ਵਾਸੀ ਪਿੰਡ ਬਘੇਲੇਵਾਲਾ ਮੋਗਾ ਵਜੋਂ ਹੋਈ ਹੈ। ਪੁਲਸ ਨੇ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 5800 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ। ਹਾਲਾਂਕਿ ਮਾਸਟਰ ਮਾਈਂਡ ਹਰਭਗਵਾਨ ਸਿੰਘ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਸੀ। ਜਿਸ ਨੂੰ ਪੁਲਸ ਨੇ ਹੁਣ ਗੁਪਤ ਸੂਚਨਾ ਦੇ ਆਧਾਰ 'ਤੇ ਗਿ੍ਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਹੈ |
ਪਹਿਲਾਂ ਵੀ ਜਾ ਚੁੱਕੇ ਹਨ ਜੇਲ੍ਹ
ਇਹ ਮੁਲਜ਼ਮ ਪਹਿਲਾਂ ਵੀ ਜਾਅਲੀ ਨੋਟ ਛਾਪਣ ਦੇ ਮਾਮਲੇ ਵਿੱਚ ਜੇਲ੍ਹ ਜਾ ਚੁੱਕੇ ਹਨ, ਕਰੀਬ ਸਾਢੇ ਤਿੰਨ ਸਾਲ ਪਹਿਲਾਂ ਜੇਲ੍ਹ ਵਿੱਚੋਂ ਰਿਹਾਅ ਹੋਣ ਮਗਰੋਂ ਮੁਲਜ਼ਮਾਂ ਨੇ ਮੁੜ ਜਾਅਲੀ ਨੋਟ ਛਾਪਣ ਦਾ ਧੰਦਾ ਸ਼ੁਰੂ ਕਰ ਦਿੱਤਾ ਸੀ। ਜਾਂਚ ਅਧਿਕਾਰੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਖ਼ਿਲਾਫ਼ ਪਹਿਲਾਂ ਵੀ ਥਾਣਾ ਸਮਾਲਸਰ ਵਿੱਚ ਜਾਅਲੀ ਨੋਟ ਛਾਪਣ ਦਾ ਕੇਸ ਦਰਜ ਹੈ।
100-200 ਰੁਪਏ ਦੇ ਨਕਲੀ ਨੋਟ ਵੀ ਛਾਪੇ
ਮੁਲਜ਼ਮ ਨੇ ਦੱਸਿਆ ਕਿ ਪਹਿਲਾਂ ਉਸ ਨੇ 500 ਰੁਪਏ ਦੇ ਨੋਟ ਛਾਪੇ ਸਨ ਪਰ ਹਰ ਕੋਈ ਉਨ੍ਹਾਂ ਨੋਟਾਂ ਦੀ ਜਾਂਚ ਕਰਦਾ ਸੀ, ਜਿਸ ਕਾਰਨ ਉਹ ਫੜਿਆ ਗਿਆ। ਮੁਲਜ਼ਮਾਂ ਨੇ ਦੱਸਿਆ ਕਿ ਇਸ ਵਾਰ ਪੁਰਾਣੀ ਗਲਤੀ ਨੂੰ ਸੁਧਾਰਦਿਆਂ 200 ਅਤੇ 100 ਰੁਪਏ ਦੇ ਨੋਟ ਛਾਪੇ ਗਏ ਕਿਉਂਕਿ ਦੁਕਾਨਦਾਰ 500 ਰੁਪਏ ਦੇ ਨੋਟ ਹੀ ਚੈੱਕ ਕਰਦੇ ਹਨ। ਕੋਈ ਵੀ ਦੁਕਾਨਦਾਰ 100-200 ਰੁਪਏ ਦੇ ਨੋਟ ਚੈੱਕ ਨਹੀਂ ਕਰਦਾ। ਇਸ ਦਾ ਫਾਇਦਾ ਉਠਾਉਂਦੇ ਹੋਏ 100-200 ਰੁਪਏ ਦੀ ਜਾਅਲੀ ਕਰੰਸੀ ਛਾਪੀ ਗਈ।
ਯੂ ਟਿਊਬ ਤੋਂ ਸਿੱਖੇ ਨਕਲੀ ਨੋਟ ਬਣਾਉਣੇ
ਪੁਲਸ ਦੀ ਗ੍ਰਿਫ਼ਤ 'ਚ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਸਿਰਫ਼ ਆਪਣੇ ਸਾਥੀ ਲਈ ਹੀ ਨੋਟਾਂ ਦੀ ਸਪਲਾਈ ਕਰਨ ਅਤੇ ਬਾਜ਼ਾਰਾਂ 'ਚ ਨੋਟ ਭੇਜਣ ਦਾ ਕੰਮ ਕਰਦਾ ਹੈ। ਜਦੋਂ ਕਿ ਨੋਟ ਛਾਪਣ ਦਾ ਕੰਮ ਹਰਭਗਵਾਨ ਸਿੰਘ ਦਾ ਹੈ। ਉਸ ਨੇ ਯੂਟਿਊਬ ਤੋਂ ਨਕਲੀ ਨੋਟ ਬਣਾਉਣੇ ਸਿੱਖੇ ਸਨ। ਉਸ ਨੇ ਹੌਲੀ-ਹੌਲੀ ਯੂ-ਟਿਊਬ ਤੋਂ ਨੋਟਸ 'ਤੇ ਕਲਰ ਮੈਚਿੰਗ ਆਦਿ ਦਾ ਕੰਮ ਵੀ ਸਿੱਖ ਲਿਆ। ਫਿਲਹਾਲ ਪੁਲਸ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।