ਲੁਧਿਆਣਾ ਵਿੱਚ ਫੈਕਟਰੀ ਤੋਂ ਘਰ ਆਉਂਦੇ ਸਮੇਂ ਲੁਟੇਰਿਆਂ ਨੇ ਲੁੱਟ-ਖੋਹ ਕਰਨ ਲਈ ਬਾਈਕ ਸਵਾਰਾਂ ਉਤੇ ਫਾਇਰਿੰਗ ਕਰ ਦਿੱਤੀ। ਘਟਨਾ ਬੀਤੀ ਰਾਤ ਕਰੀਬ 11:45 ਦੀ ਹੈ, ਜਿਥੇ ਸ਼ਰਾਰਤੀ ਅਨਸਰਾਂ ਨੇ ਫੈਕਟਰੀ ਤੋਂ ਘਰ ਪਰਤ ਰਹੇ ਮਜ਼ਦੂਰਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ।
ਲਿਫਟ ਮੰਗਣ ਦੇ ਬਹਾਨੇ ਲੁੱਟਣ ਦੀ ਕੋਸ਼ਿਸ਼
ਬਾਈਕ ਸਵਾਰਾਂ ਤੋਂ ਲਿਫਟ ਮੰਗਣ ਦੇ ਬਹਾਨੇ ਬਦਮਾਸ਼ਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਤਿੰਨ ਨੌਜਵਾਨ ਫੈਕਟਰੀ ਤੋਂ ਮੋਟਰਸਾਈਕਲ ’ਤੇ ਘਰ ਪਰਤ ਰਹੇ ਸਨ। ਬਦਮਾਸ਼ਾਂ ਨੇ ਬਾਈਕ ਸਵਾਰ ਕੋਲੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਗੋਲੀਬਾਰੀ 'ਚ ਇਕ ਨੌਜਵਾਨ ਜ਼ਖਮੀ ਹੋ ਗਿਆ ਹੈ, ਜ਼ਖਮੀ ਨੌਜਵਾਨ ਦੀ ਪਹਿਚਾਣ ਅਮਨ ਕੁਮਾਰ ਵਜੋਂ ਹੋਈ।
ਜ਼ਖਮੀ ਦੋਸਤ ਦਾ ਬਿਆਨ
ਜਾਣਕਾਰੀ ਦਿੰਦੇ ਹੋਏ ਜ਼ਖਮੀ ਅਮਨ ਦੇ ਦੋਸਤ ਅਰਜੁਨ ਨੇ ਦੱਸਿਆ ਕਿ ਅਮਨ ਅਤੇ ਰਾਹੁਲ ਦਾਣਾ ਮੰਡੀ ਤੋਂ ਕੰਮ ਖਤਮ ਕਰ ਕੇ ਉਸ ਦੇ ਨਾਲ ਇੱਕੋ ਬਾਈਕ 'ਤੇ ਘਰ ਆ ਰਹੇ ਸਨ। ਉਹ ਫੈਕਟਰੀ ਵਿੱਚ ਚੈਕਿੰਗ-ਪੈਕਿੰਗ ਦਾ ਕੰਮ ਕਰਦੇ ਹਨ। ਰਾਤ 11:45 ਵਜੇ ਢੋਲੇਵਾਲ ਪੁਲ ਨੇੜੇ ਦੋ ਨੌਜਵਾਨਾਂ ਨੇ ਲਿਫਟ ਮੰਗੀ। ਜਦੋਂ ਉਨ੍ਹਾਂ ਨੇ ਬਦਮਾਸ਼ਾਂ ਨੂੰ ਲਿਫਟ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਦੇ 5 ਤੋਂ 6 ਲੁਕੇ ਸਾਥੀ ਵੀ ਉਨ੍ਹਾਂ 'ਤੇ ਹਮਲਾ ਕਰਨ ਲਈ ਆ ਗਏ। ਉਨ੍ਹਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਬਦਮਾਸ਼ਾਂ ਨੇ ਆਪਣੀ ਬਾਈਕ ਪੁਲ ਦੇ ਹੇਠਾਂ ਖੜ੍ਹੀ ਕਰ ਦਿੱਤੀ ਸੀ। ਜਦੋਂ ਉਸ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਇੱਕ ਬਦਮਾਸ਼ ਨੇ ਉਸਦੇ ਦੋਸਤ ਅਮਨ 'ਤੇ ਗੋਲੀਆਂ ਚਲਾ ਦਿੱਤੀਆਂ।ਗੋਲੀ ਅਮਨ ਦੀ ਪਿੱਠ ਵਿੱਚ ਜਾ ਲੱਗੀ ਸੀ।
ਜ਼ਖਮੀ ਹਾਲਤ 'ਚ ਹਸਪਤਾਲ ਕਰਵਾਇਆ ਦਾਖਲ
ਉਸ ਨੇ ਆਪਣੇ ਦੋਸਤ ਰਾਹੁਲ ਦੀ ਮਦਦ ਨਾਲ ਅਮਨ ਨੂੰ ਖੂਨ ਨਾਲ ਲੱਥਪੱਥ ਹਾਲਤ ਵਿਚ ਸਿਵਲ ਹਸਪਤਾਲ ਦਾਖਲ ਕਰਵਾਇਆ। ਅਮਨ ਮੁੰਡੀਆਂ ਦੇ ਰਾਮ ਨਗਰ ਦਾ ਰਹਿਣ ਵਾਲਾ ਹੈ।
ਮਾਮਲੇ ਦੀ ਸੂਚਨਾ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਸ ਨੂੰ ਦਿੱਤੀ ਗਈ। ਅਰਜੁਨ ਨੇ ਦੱਸਿਆ ਕਿ ਉਹ ਥਾਣਾ ਡਵੀਜ਼ਨ ਨੰਬਰ 6 ਦੀ ਪੁਲਸ ਨੂੰ ਘਟਨਾ ਵਾਲੀ ਥਾਂ ਦਿਖਾਉਣਗੇ, ਤਾਂ ਜੋ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਬਦਮਾਸ਼ਾਂ ਦੀ ਪਛਾਣ ਕੀਤੀ ਜਾ ਸਕੇ।