ਖ਼ਬਰਿਸਤਾਨ ਨੈੱਟਵਰਕ: ਪੰਜਾਬ 'ਚ ਆਉਣ ਵਲੇ ਦੋ ਦਿਨਾਂ ਤੱਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਵੱਲੋਂ ਸੂਬੇ 'ਚ ਅਗਲੇ 48 ਘੰਟਿਆਂ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਮਾਨਸੂਨ ਸੁਸਤ ਪਿਆ ਹੋਇਆ ਹੈ। ਅੱਜ ਰਾਜ 'ਚ ਬਾਰਸ਼ ਨੂੰ ਲੈ ਕੇ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਅਗਲੇ ਕੁਝ ਦਿਨਾਂ ਤੱਕ ਮੌਸਮ ਆਮ ਵਾਂਗ ਹੀ ਰਹੇਗਾ।
ਭਾਰੀ ਮੀਂਹ ਦਾ ਯੈੱਲੋ Alert
ਮੌਸਮ ਵਿਭਾਗ ਅਨੁਸਾਰ 21 ਜੁਲਾਈ ਤੋਂ ਮੌਸਮ ਬਦਲ ਸਕਦਾ ਹੈ। ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ 21 ਜੁਲਾਈ ਨੂੰ ਭਾਰੀ ਬਾਰਿਸ਼ ਹੋਣ ਦੀ ਉਮੀਦ ਹੈ। ਇਨ੍ਹਾਂ ਜ਼ਿਲ੍ਹਿਆਂ ਨੂੰ ਯੈੱਲੋ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਸੂਬੇ 'ਚ ਤਾਪਮਾਨ ਆਮ ਨਾਲੋਂ 2.2 ਡਿਗਰੀ ਘੱਟ ਹੈ। ਬਠਿੰਡਾ ਹਵਾਈ ਅੱਡੇ 'ਤੇ ਸਭ ਤੋਂ ਵੱਧ ਤਾਪਮਾਨ 35.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ ਤਾਪਮਾਨ 32.2 ਡਿਗਰੀ ਸੀ, ਜੋ ਕਿ ਆਮ ਨਾਲੋਂ 2.5 ਡਿਗਰੀ ਘੱਟ ਸੀ। ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 30.8 ਡਿਗਰੀ ਅਤੇ ਪਟਿਆਲਾ ਵਿੱਚ 32.7 ਡਿਗਰੀ ਦਰਜ ਕੀਤਾ ਗਿਆ।
ਮਾਨਸੂਨ ਪਿਆ ਸੁਸਤ
ਜੇਕਰ ਸੂਬੇ 'ਚ ਬਾਰਸ਼ ਦੀ ਗੱਲ ਕਰੀਏ ਤਾਂ ਜੂਨ ਮਹੀਨੇ ਦੇ ਮੁਕਾਬਲੇ ਜੁਲਾਈ ਮਹੀਨੇ ਦੇ ਘੱਟ ਮੀਂਹ ਪਿਆ ਹੈ। 8 ਜੁਲਾਈ ਤੋਂ ਬਾਅਦ ਸੂਬੇ 'ਚ ਮਾਨਸੂਨ ਸੁਸਤ ਪੈ ਗਿਆ ਹੈ। ਭਾਖੜਾ, ਪੋਂਗ ਅਤੇ ਥੀਨ ਡੈਮ ਵਿੱਚ ਪਾਣੀ ਦੀ ਮਾਤਰਾ ਪਿਛਲੇ ਸਾਲ ਨਾਲੋਂ ਬਹੁਤ ਘੱਟ ਹੈ। ਤਿੰਨੋਂ ਡੈਮ ਅਜੇ ਵੀ ਆਪਣੀ ਵੱਧ ਤੋਂ ਵੱਧ ਸਮਰੱਥਾ ਤੋਂ ਬਹੁਤ ਘੱਟ ਹਨ। ਦੱਸ ਦੇਈਏ ਕਿ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਪਿਆ ਹੈ ,ਜਦਕਿ ਕੁਝ ਇਲਾਕਿਆਂ 'ਚ ਨਾ-ਮਾਤਰ ਮੀਂਹ ਪਿਆ ਹੈ।