ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਵਾਰ ਧਮਕੀ ਦੇਣ ਵਾਲੇ ਨੇ 400 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਧਮਕੀ ਦੇਣ ਵਾਲੇ ਵਿਅਕਤੀ ਨੇ ਈਮੇਲ ਵਿੱਚ ਲਿਖਿਆ ਕਿ ਪੁਲਿਸ ਮੈਨੂੰ ਗ੍ਰਿਫਤਾਰ ਨਹੀਂ ਕਰ ਸਕਦੀ।
ਇੱਕੋ ਪਤੇ 'ਤੇ ਆਏ 3 ਧਮਕੀ ਭਰੇ ਮੇਲ
ਮੁੰਬਈ ਪੁਲਿਸ ਨੂੰ ਮਿਲੇ ਈਮੇਲ 'ਚ ਲਿਖਿਆ ਗਿਆ ਹੈ ਕਿ ਜੇਕਰ ਪੁਲਿਸ ਮੈਨੂੰ ਨਹੀਂ ਲੱਭ ਸਕਦੀ ਤਾਂ ਉਹ ਮੈਨੂੰ ਗ੍ਰਿਫਤਾਰ ਨਹੀਂ ਕਰ ਸਕਦੀ। ਸਾਰੀਆਂ ਧਮਕੀਆਂ ਵਾਲੀਆਂ ਈਮੇਲਾਂ ਇੱਕੋ ਪਤੇ 'ਤੇ ਆਈਆਂ ਹਨ। ਪਰ ਇਸ ਵਾਰ ਈਮੇਲ ਵਿੱਚ 400 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ।
ਪੁਲਿਸ ਨੇ ਵਧਾਈ ਸੁਰੱਖਿਆ
ਲਗਾਤਾਰ ਧਮਕੀ ਭਰੇ ਈਮੇਲ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਅਲਰਟ ਹੋ ਗਈ ਹੈ ਅਤੇ ਉਨ੍ਹਾਂ ਨੇ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਧਮਕੀ ਦੇਣ ਵਾਲਾ ਵਿਅਕਤੀ ਕਿਸੇ ਹੋਰ ਦੇਸ਼ ਦਾ ਹੋ ਸਕਦਾ ਹੈ। ਇਹ ਗੁੰਮਰਾਹ ਕਰਨ ਲਈ ਬੈਲਜੀਅਨ ਦੇ ਵੀਪੀਐਨ ਦੀ ਵਰਤੋਂ ਕਰ ਰਿਹਾ ਹੈ।
ਪਹਿਲਾਂ ਵੀ ਮਿਲ ਚੁੱਕੀਆਂ ਦੋ ਵਾਰ ਧਮਕੀਆਂ
ਦੱਸ ਦੇਈਏ ਕਿ ਮੁਕੇਸ਼ ਅੰਬਾਨੀ ਨੂੰ ਲਗਾਤਾਰ ਤੀਜੀ ਵਾਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਪਹਿਲਾਂ ਧਮਕੀ ਦੇਣ ਵਾਲੇ ਵਿਅਕਤੀ ਨੇ 20 ਕਰੋੜ ਰੁਪਏ ਦੀ ਮੰਗ ਕੀਤੀ ਸੀ। ਜਦੋਂ ਕਿ ਦੂਜੀ ਵਾਰ 200 ਕਰੋੜ ਰੁਪਏ ਦੀ ਮੰਗ ਰੱਖੀ ਗਈ ਹੈ ਅਤੇ ਹੁਣ ਤੀਜੀ ਵਾਰ 400 ਕਰੋੜ ਰੁਪਏ ਦੀ ਮੰਗ ਰੱਖੀ ਗਈ ਹੈ।