ਦੇਸ਼ ਦੇ ਕਈ ਰਾਜਾਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਜਿਸ ਕਾਰਨ ਕਈ ਰਾਜਾਂ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਇਸ ਦੇ ਨਾਲ ਹੀ ਅਸਾਮ ਵਿੱਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 56 ਹੋ ਗਈ ਹੈ। ਕਾਜ਼ੀਰੰਗਾ ਨੈਸ਼ਨਲ ਪਾਰਕ 'ਚ ਹੜ੍ਹ 'ਚ ਡੁੱਬਣ ਨਾਲ ਹੁਣ ਤੱਕ ਕੁੱਲ 31 ਜਾਨਵਰਾਂ ਦੀ ਮੌਤ ਹੋ ਚੁੱਕੀ ਹੈ।
ਇਨ੍ਹਾਂ 17 ਰਾਜਾਂ 'ਚ ਮੀਂਹ ਦਾ ਅਲਰਟ
ਆਈਐਮਡੀ ਨੇ ਵੀਰਵਾਰ ਨੂੰ 17 ਰਾਜਾਂ - ਜੰਮੂ ਅਤੇ ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ, ਉੱਤਰ ਪ੍ਰਦੇਸ਼, ਬਿਹਾਰ, ਸਿੱਕਮ, ਉੱਤਰੀ ਪੱਛਮੀ ਬੰਗਾਲ, ਅਰੁਣਾਚਲ ਪ੍ਰਦੇਸ਼, ਮਨੀਪੁਰ, ਮੇਘਾਲਿਆ, ਅਸਮ, ਨਾਗਾਲੈਂਡ, ਤ੍ਰਿਪੁਰਾ, ਮਿਜ਼ੋਰਮ, ਮਹਾਰਾਸ਼ਟਰ , ਗੋਆ 'ਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ | 11 ਰਾਜਾਂ - ਹਰਿਆਣਾ, ਚੰਡੀਗੜ੍ਹ, ਦਿੱਲੀ, ਮੱਧ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ, ਝਾਰਖੰਡ, ਰਾਜਸਥਾਨ, ਗੁਜਰਾਤ, ਕਰਨਾਟਕ, ਕੇਰਲ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਉੱਤਰਾਖੰਡ 'ਚ ਭਾਰੀ ਮੀਂਹ ਦਾ ਰੈੱਡ ਅਲਰਟ ਦੇ ਵਿਚ ਪੂਰੇ ਰਾਜ 'ਚ ਜ਼ਮੀਨ ਖਿਸਕਣ ਅਤੇ ਸੜਕਾਂ ਤੇ ਪਾਣੀ ਭਰ ਜਾਣ ਕਾਰਨ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੁੱਧਵਾਰ ਨੂੰ ਕਰੀਬ 125 ਸੜਕਾਂ ਜਾਮ ਹੋ ਗਈਆਂ ਸਨ ਅਤੇ ਉੱਤਰਾਖੰਡ ਵਿੱਚ ਕਈ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ । ਆਈਐਮਡੀ ਨੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ।
9 ਰਾਜ ਅਤੇ ਰਾਸ਼ਟਰੀ ਰਾਜ ਮਾਰਗਾਂ ਸਮੇਤ 125 ਸੜਕਾਂ ਜਾਮ
ਰਿਪੋਰਟਾਂ ਮੁਤਾਬਕ ਬੁੱਧਵਾਰ ਨੂੰ ਮੀਂਹ ਕਾਰਨ ਸੂਬੇ 'ਚ ਕਰੀਬ 125 ਸੜਕਾਂ ਜਾਮ ਹੋ ਗਈਆਂ। ਜਦੋਂ ਕਿ ਰਾਜ ਦੇ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਨੇ ਅੱਜ 87 ਸੜਕਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ ਅਤੇ 63 ਸੜਕਾਂ ਅਜੇ ਖੋਲ੍ਹੀਆਂ ਜਾਣੀਆਂ ਬਾਕੀ ਹਨ। ਇਹ ਸਾਰੀਆਂ ਸੜਕਾਂ ਪੌੜੀ, ਦੇਹਰਾਦੂਨ, ਪਿਥੌਰਾਗੜ੍ਹ, ਚੰਪਾਵਤ, ਅਲਮੋੜਾ ਅਤੇ ਨੈਨੀਤਾਲ ਜ਼ਿਲ੍ਹਿਆਂ ਵਿੱਚ ਹਨ।
ਜ਼ਮੀਨ ਖਿਸਕਣ 'ਤੇ ਬਦਰੀਨਾਥ ਨੈਸ਼ਨਲ ਹਾਈਵੇ ਬੰਦ
ਲਗਾਤਾਰ ਮੀਂਹ ਦੇ ਕਾਰਨ ਜ਼ਮੀਨ ਖਿਸਕਣ ਕਾਰਨ ਚਾਰਧਾਮ ਮੰਦਰਾਂ ਨੂੰ ਜਾਣ ਵਾਲਾ ਰਾਸ਼ਟਰੀ ਰਾਜਮਾਰਗ ਵੀ ਬੰਦ ਹੋ ਗਿਆ ਹੈ। ਲੰਬਾਗੜ੍ਹ ਨੇੜੇ ਪਾਗਲ ਨਾਲੇ 'ਚ ਜ਼ਮੀਨ ਖਿਸਕਣ ਕਾਰਨ ਬਦਰੀਨਾਥ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਹੈ। ਯਮੁਨੋਤਰੀ ਹਾਈਵੇਅ, ਦਬਰਕੋਟ ਦੇ ਨੇੜੇ ਵੀ ਜਜ਼ੀਨ ਖਿਸਕਣ ਕਾਰਨ ਸੜਕ ਜਾਮ ਹੋ ਗਈ। ਇਸ ਤੋਂ ਇਲਾਵਾ ਧਾਰਚੂਲਾ ਅਤੇ ਤਵਾ ਘਾਟ ਰਾਸ਼ਟਰੀ ਰਾਜ ਮਾਰਗ ਵੀ ਬੰਦ ਹੋ ਗਿਆ ਜਦੋਂ ਬੁੱਧਵਾਰ ਨੂੰ ਰੌਂਗਟੀ ਨਾਲੇ ਕੋਲ ਪਹਾੜਾਂ ਦਾ ਵੱਡਾ ਹਿੱਸਾ ਡਿੱਗਿਆ |
ਕਸ਼ਮੀਰ 'ਚ ਹੀਟਵੇਵ, ਸਕੂਲਾਂ 'ਚ 13 ਦਿਨਾਂ ਦੀ ਛੁੱਟੀ
ਇੱਕ ਪਾਸੇ ਜਿੱਥੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਮਾਨਸੂਨ ਦੀ ਬਾਰਿਸ਼ ਹੋ ਰਹੀ ਹੈ, ਉੱਥੇ ਹੀ ਦੂਜੇ ਪਾਸੇ ਗਰਮੀਆਂ ਵਿੱਚ ਵੀ ਠੰਢਾ ਰਹਿਣ ਵਾਲਾ ਕਸ਼ਮੀਰ ਘਾਟੀ ਇਨ੍ਹੀਂ ਦਿਨੀਂ ਤਪ ਰਿਹਾ ਹੈ। ਸ਼੍ਰੀਨਗਰ, ਗੁਲਮਰਗ, ਸੋਨਮਰਗ 'ਚ ਪਹਿਲੀ ਵਾਰ ਪੂਰੀ ਘਾਟੀ ਹੀਟ ਵੇਵ ਦੀ ਲਪੇਟ 'ਚ ਹੈ। ਵੀਰਵਾਰ ਨੂੰ ਪਾਰਾ 32 ਡਿਗਰੀ ਤੋਂ ਉਪਰ ਬਣਿਆ ਹੋਇਆ ਹੈ। ਇਹ ਆਮ ਨਾਲੋਂ ਲਗਭਗ 7 ਡਿਗਰੀ ਵੱਧ ਹੈ। ਇਸ ਤੋਂ ਪਹਿਲਾਂ 9 ਜੁਲਾਈ 1999 ਨੂੰ ਸ੍ਰੀਨਗਰ ਦਾ ਤਾਪਮਾਨ 37 ਡਿਗਰੀ ਸੀ। ਹੀਟਵੇਵ ਕਾਰਨ ਘਾਟੀ ਦੇ ਸਕੂਲਾਂ ਵਿੱਚ 17 ਜੁਲਾਈ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਸਿਹਤ ਵਿਭਾਗ ਨੇ ਸਿਹਤ ਐਡਵਾਇਜ਼ਰੀ ਵੀ ਜਾਰੀ ਕੀਤੀ ਹੈ।
ਹਿਮਾਚਲ ਵਿੱਚ ਭਾਰੀ ਮੀਂਹ ਅਤੇ ਫਲੈਸ਼ ਫਲੱਡ ਦੀ ਚੇਤਾਵਨੀ
ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਸ਼ਿਮਲਾ, ਸਿਰਮੌਰ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਇਸ ਦੇ ਨਾਲ ਹੀ ਭਾਰੀ ਮੀਂਹ ਤੋਂ ਬਾਅਦ 81 ਸੜਕਾਂ ਬੰਦ ਹਨ। ਇਨ੍ਹਾਂ ਵਿੱਚੋਂ 59 ਸੜਕਾਂ ਇਕੱਲੇ ਮੰਡੀ ਜ਼ਿਲ੍ਹੇ ਦੀਆਂ ਹਨ।
ਦੋ ਮਹੀਨੇ ਤਕ ਸਾਹਸੀ ਗਤੀਵਿਧੀਆਂ 'ਤੇ ਪਾਬੰਧੀ
ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਦੇ ਖਤਰਿਆਂ ਦੇ ਮੱਦੇਨਜ਼ਰ ਸਾਹਸੀ ਗਤੀਵਿਧੀਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਸਰਕਾਰੀ ਹੁਕਮਾਂ ਅਨੁਸਾਰ 15 ਜੁਲਾਈ ਤੋਂ 15 ਸਤੰਬਰ ਤੱਕ ਪੈਰਾਗਲਾਈਡਿੰਗ, ਰਿਵਰ ਰਾਫਟਿੰਗ, ਵਾਟਰ ਸਪੋਰਟਸ ਅਤੇ ਐਡਵੈਂਚਰ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਹੋਵੇਗੀ।
ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਰਸਾਤਾਂ ਦੇ ਮੌਸਮ ਦੌਰਾਨ ਦਰਿਆ ਨਾਲਿਆਂ ਦੇ ਆਲੇ-ਦੁਆਲੇ ਕੈਂਪਿੰਗ ਸਾਈਟਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਾ ਹੋਵੇ