ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣਾਂ ਦੌਰਾਨ ਆਈਪੀਐਲ ਵਿੱਚ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਸਟਾਰ ਸਪੋਰਟਸ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੱਤੀ ਹੈ ਅਤੇ ਲਿਖਿਆ ਹੈ ਕਿ ਕੁਮੈਂਟਰੀ ਬਾਕਸ ਦੇ ਸਰਦਾਰ ਵਾਪਸੀ ਕਰ ਰਹੇ ਹਨ। ਇਸ ਤੋਂ ਕ੍ਰਿਕਟ ਪ੍ਰਸ਼ੰਸਕ ਕਾਫੀ ਖੁਸ਼ ਹਨ। ਇਸ ਦਾ ਅਸਰ ਸਿਆਸਤ ਵਿਚ ਵੀ ਦੇਖਣ ਨੂੰ ਮਿਲੇਗਾ।ਇਕ ਦਹਾਕੇ ਬਾਅਦ ਨਵਜੋਤ ਸਿੰਘ ਸਿੱਧੂ ਆਈ.ਪੀ.ਐਲ. ਤੋਂ ਕੁਮੈਂਟਰੀ 'ਚ ਵਾਪਸੀ ਕਰਨਗੇ। 22 ਮਾਰਚ ਨੂੰ ਹੋਣ ਵਾਲੇ ਆਈ.ਪੀ.ਐਲ. ਦੇ ਪਹਿਲੇ ਮੈਚ ਵਿਚ ਨਵਜੋਤ ਸਿੰਘ ਸਿੱਧੂ ਹਿੰਦੀ 'ਚ ਕੁਮੈਂਟਰੀ ਕਰਨਗੇ।
IPL 22 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ
IPL ਦਾ ਨਵਾਂ ਸੀਜ਼ਨ 22 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲਾ ਮੈਚ ਧੋਨੀ ਦੀ ਚੇਨਈ ਸੁਪਰ ਕਿੰਗਜ਼ ਅਤੇ ਵਿਰਾਟ ਕੋਹਲੀ ਦੀ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ੰਸਕ ਪਹਿਲੇ ਮੈਚ ਤੋਂ ਹੀ ਨਵਜੋਤ ਸਿੰਘ ਸਿੱਧੂ ਦੀ ਕੁਮੈਂਟਰੀ ਦਾ ਆਨੰਦ ਲੈ ਸਕਣਗੇ।
ਆਖਰੀ ਕੁਮੈਂਟਰੀ 2018 ਵਿੱਚ ਕੀਤੀ ਸੀ
ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੇ ਆਖਰੀ ਵਾਰ ਸਾਲ 2018 ਵਿੱਚ ਆਈਪੀਐਲ ਵਿੱਚ ਕੁਮੈਂਟਰੀ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੂੰ ਪੰਜਾਬ ਵਿੱਚ ਕੈਪਟਨ ਸਰਕਾਰ ਦੌਰਾਨ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ। ਮੰਤਰੀ ਬਣਨ ਤੋਂ ਬਾਅਦ ਉਹ ਆਪਣੇ ਸਾਰੇ ਟੀਵੀ ਸ਼ੋਅ ਛੱਡ ਕੇ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਗਏ ਸਨ।